ਪੰਜਾਬ ਸਟੇਟ ਆਰਕਾਈਵਜ ਵਿਭਾਗ ਕੋਲ 10 ਲੱਖ ਪੁਰਾਤਨ ਰਿਕਾਰਡ ਸੁਰੱਖਿਅਤ, 6 ਕਰੋੜ ਪੇਜ ਕੀਤੇ ਡਿਜੀਟਲਾਈਜ਼
ਪਟਿਆਲਾ, 24 ਜੂਨ :- ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਪੁਰਾਲੇਖ ਵਿਭਾਗ ਪੰਜਾਬ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੀ ਵਿਰਾਸਤੀ ਧਰੋਹਰ ਨੂੰ ਸੰਭਾਲ ਰਹੇ ਪਟਿਆਲਾ ਸਥਿਤ ਪੁਰਾਲੇਖ ਵਿਭਾਗ ਦੀ ਕਾਇਆ-ਕਲਪ ਕਰੇਗੀ।
ਇਸ ਮੌਕੇ ਕੈਬਨਿਟ ਮੰਤਰੀ ਸ. ਸੌਂਦ ਨੇ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਪਿਛਲੀਆਂ ਸਰਕਾਰਾਂ ਨੇ ਆਪਣੀ ਵਿਰਾਸਤੀ ਧਰੋਹਰ ਨੂੰ ਸੰਭਾਲਣ ਵੱਲ ਕਦੇ ਸੰਜੀਦਾ ਢੰਗ ਨਾਲ ਧਿਆਨ ਹੀ ਨਹੀਂ ਦਿੱਤਾ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਟਿਆਲਾ ਦੇ ਇਸ ਪੁਰਾਤਤਵ ਵਿਭਾਗ ’ਚ ਇਸੇ ਹਫ਼ਤੇ ਹੀ ਸਾਕਾਰਤਮਕ ਸੁਧਾਰ ਲਿਆਂਦੇ ਜਾਣਗੇ।
ਤਰੁਨਪ੍ਰੀਤ ਸੌਂਦ ਨੇ ਕਿਹਾ ਕਿ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਟੇਟ ਆਰਕਾਈਵਜ ਵਿਭਾਗ ਪਟਿਆਲਾ ਵੱਲੋਂ ਲਗਭਗ 10 ਲੱਖ ਪੁਰਾਤਨ ਰਿਕਾਰਡ, ਜਿਨ੍ਹਾਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੈਂਕੜੇ ਸਾਲ ਪੁਰਾਤਨ ਸਰੂਪ, ਫਾਇਲਾਂ, ਹੱਥ ਲਿਖਤਾਂ, ਦਸਤਾਵੇਜ (ਸ਼ਾਹੀ ਫੁਰਮਾਨ) ਪੰਜਾਬ ਤੇ ਕੇਂਦਰ ਸਰਕਾਰ ਦੇ ਗਜ਼ਟ, ਦੁਰਲੱਭ ਪੁਸਤਕਾਂ, ਨਕਸ਼ੇ ਤੇ ਪੇਟਿੰਗਜ਼ ਆਦਿ ਤੋਂ ਇਲਾਵਾ 8 ਸ਼ਾਹੀ ਰਿਆਸਤਾਂ ਦਾ ਰਿਕਾਰਡ ਸ਼ਾਮਲ ਹੈ, ਪੂਰੀ ਤਰ੍ਹਾਂ ਸੁਰੱਖਿਅਤ ਕਰ ਕੇ ਸੰਭਾਲਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਵੀ ਖੁਸ਼ੀ ਵਾਲੀ ਗੱਲ ਹੈ ਕਿ ਵਿਭਾਗ ਨੇ ਪੰਜਾਬ ਡਿਜ਼ੀਟਲ ਲਾਇਬ੍ਰੇਰੀ ਪ੍ਰਾਜੈਕਟ ਤਹਿਤ ਇਸ ’ਚੋਂ ਕਰੀਬ 6 ਕਰੋੜ ਪੇਜਾਂ ਨੂੰ ਡਿਜੀਟਲਾਈਜ਼ ਕਰ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਕਰ ਲਿਆ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਉੱਘੇ ਪੱਤਰਕਾਰ ਜਤਿੰਦਰ ਪੰਨੂ, ਜਿਨ੍ਹਾਂ ਨੇ ਇਸ ਵਿਭਾਗ ’ਚ ਸੁਧਾਰ ਲਿਆਉਣ ਲਈ ਹਾਂ-ਪੱਖੀ ਸੁਝਾਓ ਦਿੱਤੇ ਹਨ, ਸਮੇਤ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਵਿਭਾਗ ਦੇ ਡਾਇਰੈਕਟਰ ਸੰਜੀਵ ਤਿਵਾੜੀ ਅਤੇ ਪੰਜਾਬ ਵਿਕਾਸ ਕਮਿਸ਼ਨ ਦੇ ਮੈਂਬਰ ਵੈਭਵ ਮਹੇਸ਼ਵਰੀ ਤੇ ਪਟਿਆਲਾ ਦੇ ਅਮਲੇ ਨਾਲ ਮੀਟਿੰਗ ਕਰ ਕੇ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ। ਉਨ੍ਹਾਂ ਇਮਾਰਤ ਦੀ ਢੁੱਕਵੀਂ ਸਾਫ਼ ਸਫਾਈ ਕਰਵਾਉਣ ਸਮੇਤ ਏ. ਸੀ. ਅਤੇ ਲੋੜੀਂਦਾ ਫਰਨੀਚਰ ਪ੍ਰਦਾਨ ਕਰਨ ਲਈ ਡਿਪਟੀ ਕਮਿਸ਼ਨਰ ਸਮੇਤ ਵਿਭਾਗ ਦੇ ਡਾਇਰੈਕਟਰ ਨੂੰ ਤੁਰੰਤ ਲੋੜੀਂਦੇ ਕਦਮ ਉਠਾਉਣ ਦੇ ਆਦੇਸ਼ ਵੀ ਦਿੱਤੇ। ਰਿਕਾਰਡ ਦੇ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਵੱਲੋਂ ਕੀਤੇ ਜਾ ਰਹੇ ਰਿਕਾਰਡ ਡਿਜੀਟਲਾਈਜ਼ੇਸ਼ਨ ਦੇ ਕੰਮ ਦਾ ਵੀ ਜਾਇਜ਼ਾ ਲਿਆ।
ਤਰੁਨਪ੍ਰੀਤ ਸਿੰਘ ਸੌਂਦ, ਜਿਨ੍ਹਾਂ ਕੋਲ ਨਿਵੇਸ਼ ਉਤਸਾਹਨ, ਪ੍ਰਾਹੁਣਚਾਰੀ ਪੇਂਡੂ ਵਿਕਾਸ ਤੇ ਪੰਚਾਇਤ, ਕਿਰਤ, ਉਦਯੋਗ ਤੇ ਵਣਜ ਵਿਭਾਗ ਵੀ ਹਨ, ਨੇ ਪੁਰਾਤਤਵ ਵਿਭਾਗ ਦੇ ਪਟਿਆਲਾ ਵਿਖੇ ਰਿਕਾਰਡ ਦੀ ਸੰਭਾਲ ਕਰ ਰਹੇ ਅਮਲੇ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਇਥੇ ਖੋਜ ਕਾਰਜਾਂ ਲਈ ਦੇਸ਼-ਵਿਦੇਸ਼ ’ਚੋਂ ਆਉਂਦੇ ਸਕਾਲਰਾਂ, ਇਤਿਹਾਸਕਾਰਾਂ ਸਮੇਤ ਹੋਰ ਖੋਜਾਰਥੀਆਂ ਨੂੰ ਖੋਜ ਲਈ ਕੌਮਾਂਤਰੀ ਪੱਧਰ ਦਾ ਸਾਜ਼ਗਾਰ ਮਾਹੌਲ ਪ੍ਰਦਾਨ ਕਰਨ ਲਈ ਲੋਂੜੀਦਾ ਬੁਨਿਆਦੀ ਢਾਂਚਾ ਬਹੁਤ ਜਲਦ ਪ੍ਰਦਾਨ ਕਰਵਾਇਆ ਜਾਵੇਗਾ।
ਫ਼ਤਹਿਗੜ੍ਹ ਸਾਹਿਬ ਵਿਖੇ ਦੀਵਾਨ ਟੋਡਰ ਮੱਲ ਦੀ ਜਹਾਜ਼ੀ ਹਵੇਲੀ ਦੀ ਸੰਭਾਲ ਲਈ ਸੂਬਾ ਸਰਕਾਰ ਵੱਲੋਂ ਕੀਤੇ ਯਤਨਾਂ ਦਾ ਜ਼ਿਕਰ ਕਰਦਿਆਂ ਮੰਤਰੀ ਸ. ਸੌਂਦ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਰਾਜ ਦੀਆਂ ਵਿਰਾਸਤੀ ਧਰੋਹਰਾਂ ਨੂੰ ਸੰਭਾਲਣ ਲਈ ਖਾਕਾ ਤਿਆਰ ਕੀਤਾ ਗਿਆ ਹੈ। ਉਨ੍ਹਾਂ ਮੀਡੀਆ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ’ਚ ਆਖਿਆ ਕਿ ਪਟਿਆਲਾ ਦੀ ਮੈਡਲ ਗੈਲਰੀ ਸਮੇਤ ਸ਼ੀਸ਼ ਮਹਿਲ ਨੂੰ ਵੀ ਬਹੁਤ ਜਲਦ ਆਮ ਲੋਕਾਂ ਲਈ ਖੋਲ੍ਹਿਆ ਜਾਵੇਗਾ।
ਇਸ ਸਮੇਂ ਪੁਰਾਲੇਖ ਵਿਭਾਗ ਦੇ ਸੁਪਰਡੈਂਟ ਕੁਲਵਿੰਦਰ ਕੌਰ, ਪੁਰਾਲੇਖ ਪਟਿਆਲਾ ਇੰਚਾਰਜ ਸੁਰਿੰਦਰਪਾਲ ਸਿੰਘ, ਜ਼ਿਲਾ ਟੂਰਿਸਟ ਅਫ਼ਸਰ ਹਰਦੀਪ ਸਿੰਘ, ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਦਲਵੀਰ ਸਿੰਘ ਤੇ ਅਮਨਦੀਪ ਸਿੰਘ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।
Read More : ਵਿੱਤ ਮੰਤਰੀ ਚੀਮਾ ਵੱਲੋਂ ਆਬਕਾਰੀ ਤੇ ਕਰ ਵਿਭਾਗ ਦੀ ਚੈਕਿੰਗ
