ਸਾਲ 2027 ਦੀਆਂ ਚੋਣਾਂ ’ਚ ਪੰਜਾਬ ਨਿਭਾਏਗਾ ਫੈਸਲਾਕੁੰਨ ਭੂਮਿਕਾ; ਹੜ੍ਹ ਰਾਹਤ ਰਾਸ਼ੀ ਰੋਕੇ ਜਾਣ ਦਾ ਜਨਤਾ ਦੇਵੇਗੀ ਜਵਾਬ
ਚੰਡੀਗੜ੍ਹ, 1 ਮਾਰਚ : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਹਾਲੀਆ ਅਦਾਲਤੀ ਫੈਸਲੇ ਨਾਲ ਭਾਰਤੀ ਰਾਜਨੀਤੀ ’ਚ ਸੱਚਾਈ ਦੀ ਇਤਿਹਾਸਕ ਜਿੱਤ ਹੋਈ ਹੈ, ਜਿਸ ਨਾਲ ਆਮ ਆਦਮੀ ਪਾਰਟੀ ਇਕ ਰਾਸ਼ਟਰੀ ਸ਼ਕਤੀ ਵਜੋਂ ਹੋਰ ਵੀ ਮਜ਼ਬੂਤ ਹੋ ਕੇ ਉੱਭਰੀ ਹੈ। ਦਿੱਲੀ ਰੈਲੀ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸਾਲ 2027 ਦੀਆਂ ਚੋਣਾਂ ’ਚ ਪੰਜਾਬ 100 ਸੀਟਾਂ ਦੇ ਕੇ ਕੇਂਦਰ ’ਚ ਭਾਜਪਾ ਦੇ ਕਥਿਤ ਤਾਨਾਸ਼ਾਹੀ ਸ਼ਾਸਨ ਨੂੰ ਖ਼ਤਮ ਕਰਨ ’ਚ ਅਹਿਮ ਭੂਮਿਕਾ ਨਿਭਾਏਗਾ।
ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾ ਦੇਸ਼ ਨੂੰ ਰਾਹ ਦਿਖਾਉਂਦਾ ਹੈ ਅਤੇ ਜਿਸ ਪਾਸੇ ਪੰਜਾਬ ਚੱਲਦਾ ਹੈ, ਦੇਸ਼ ਉਸ ਦਾ ਪਿੱਛਾ ਕਰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਲ 2027 ਪੂਰੇ ਦੇਸ਼ ’ਚ ਬਦਲਾਅ ਦੀ ਸ਼ੁਰੂਆਤ ਕਰੇਗਾ ਕਿਉਂਕਿ ਪੰਜਾਬੀਆਂ ਨੇ ਕਦੇ ਵੀ ਤਾਨਾਸ਼ਾਹੀ ਅੱਗੇ ਸਿਰ ਨਹੀਂ ਝੁਕਾਇਆ। ਉਨ੍ਹਾਂ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਿੱਧਦਿਆਂ ਕਿਹਾ ਕਿ ਜੀ.ਐੱਸ.ਟੀ. (GST) ਦੀ ਬਕਾਇਆ ਰਕਮ ਰੋਕਣਾ ਅਤੇ ਪੰਜਾਬ ਲਈ ਐਲਾਨੀ 1,600 ਕਰੋੜ ਰੁਪਏ ਦੀ ਹੜ੍ਹ ਰਾਹਤ ਰਾਸ਼ੀ ਜਾਰੀ ਨਾ ਕਰਨਾ ਸੂਬੇ ਨਾਲ ਧੱਕਾ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਵਿਤਕਰਿਆਂ ਦਾ ਜਵਾਬ ਪੰਜਾਬ ਦੀ ਜਨਤਾ ਲੋਕਤੰਤਰਿਕ ਤਰੀਕੇ ਨਾਲ ਦੇਵੇਗੀ। ਉਨ੍ਹਾਂ ਕਿਹਾ ਕਿ ਇਹ ਲੜਾਈ ਕਿਸੇ ਇਕ ਵਿਅਕਤੀ ਦੀ ਨਹੀਂ, ਸਗੋਂ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰਿਕ ਕਦਰਾਂ-ਕੀਮਤਾਂ ਦੀ ਰਾਖੀ ਲਈ ਹੈ।
ਮੁੱਖ ਮੰਤਰੀ ਨੇ ਵਿਸ਼ਵਾਸ ਜਤਾਇਆ ਕਿ ਆਉਣ ਵਾਲਾ ਸਮਾਂ ਸੱਚਾਈ ਅਤੇ ਲੋਕਤੰਤਰ ਦੀ ਜਿੱਤ ਦਾ ਹੋਵੇਗਾ, ਜਿਸ ਦੀ ਅਗਵਾਈ ਜ਼ਿਲਾ ਪੱਧਰ ਤੋਂ ਲੈ ਕੇ ਪੂਰੇ ਸੂਬੇ ਦੇ ਲੋਕ ਕਰਨਗੇ।
Read More : ਰਣਜੀਤ ਸਿੰਘ ਐਨਕਾਊਂਟਰ ਮਾਮਲੇ ’ਚ ਜਥੇਬੰਦੀਆਂ ਨੇ ਜਾਮ ਕੀਤਾ ਨੈਸ਼ਨਲ ਹਾਈਵੇ
