ਗਲੀ ’ਚ ਲੱਗਾ ਗੇਟ ਖ਼ੁਦ ਹਟਾਉਣ ’ਤੇ ਵੀ ਸੰਤੁਸ਼ਟ ਨਹੀਂ ਹੋਇਆ ਪ੍ਰਸ਼ਾਸਨ, ਭਾਰੀ ਪੁਲਸ ਫ਼ੋਰਸ ਦੀ ਮੌਜੂਦਗੀ ’ਚ ਹੋਈ ਕਾਰਵਾਈ
ਭੁਲੱਥ, 23 ਫਰਵਰੀ : ਭੁਲੱਥ ਹਲਕੇ ਦਾ ਪ੍ਰਸ਼ਾਸਨ ਅੱਜ ਜੇ.ਸੀ.ਬੀ. ਮਸ਼ੀਨ ਅਤੇ ਭਾਰੀ ਪੁਲਸ ਪ੍ਰਬੰਧਾਂ ਨਾਲ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਜੱਦੀ ਪਿੰਡ ਰਾਮਗੜ੍ਹ ਵਿਖੇ ਪੁੱਜਾ। ਐੱਸ.ਐੱਸ.ਪੀ. ਕਪੂਰਥਲਾ ਗੌਰਵ ਤੂਰਾ ਦੀ ਅਗਵਾਈ ਹੇਠ ਪ੍ਰਸ਼ਾਸਨ ਨੇ ਵਿਧਾਇਕ ਖਹਿਰਾ ਦੇ ਦਫ਼ਤਰ ਨਾਲ ਬਣੀ ਪਾਰਕਿੰਗ ਦੀ ਕੰਧ ਢਾਹ ਦਿੱਤੀ। ਇਸ ਮੌਕੇ ਡਿਊਟੀ ਮੈਜਿਸਟ੍ਰੇਟ ਬਲਵਿੰਦਰ ਸਿੰਘ ਅਤੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ। ਪੂਰਾ ਪਿੰਡ ਪੁਲਸ ਛਾਉਣੀ ’ਚ ਤਬਦੀਲ ਹੋਇਆ ਨਜ਼ਰ ਆ ਰਿਹਾ ਸੀ।
ਪ੍ਰਸ਼ਾਸਨ ਇੱਥੇ ਗਲੀ ’ਚ ਲਗਾਏ ਗਏ ਇਕ ਗੇਟ ਨੂੰ ਹਟਾਉਣ ਪਹੁੰਚਿਆ ਸੀ। ਵਿਧਾਇਕ ਖਹਿਰਾ ਨੇ ਦੱਸਿਆ ਿਕ ਪਰਿਵਾਰ ਦੇ ਤਿੰਨ ਘਰਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਇਹ ਗੇਟ ਲਗਾਇਆ ਸੀ ਅਤੇ ਇਸ ਸਬੰਧੀ ਉਨ੍ਹਾਂ ਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ। ਬੀ.ਡੀ.ਪੀ.ਓ. ਨਡਾਲਾ ਕੁਲਵਿੰਦਰ ਸਿੰਘ ਦਾ ਕਹਿਣਾ ਸੀ ਿਕ ਇਹ ਗੇਟ ਗੈਰ-ਕਾਨੂੰਨੀ ਹੈ। ਲੰਬੀ ਬਹਿਸ ਤੋਂ ਬਾਅਦ ਖਹਿਰਾ ਦੇ ਸਮਰਥਕਾਂ ਨੇ ਗੇਟ ਖ਼ੁਦ ਹੀ ਹਟਾ ਦਿੱਤਾ, ਪਰ ਪ੍ਰਸ਼ਾਸਨ ਨੇ ਫਿਰ ਵੀ ਜੇ.ਸੀ.ਬੀ. ਚਲਾ ਕੇ ਗੇਟ ਦਾ ਪਿੱਲਰ ਅਤੇ ਪਾਰਕਿੰਗ ਦੀ ਕੰਧ ਢਾਹ ਦਿੱਤੀ।
ਇਸ ਕਾਰਵਾਈ ਦੌਰਾਨ ਸੁਖਪਾਲ ਖਹਿਰਾ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਪੰਜਾਬ ਸਰਕਾਰ ਅਤੇ ਪੁਲਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਖਹਿਰਾ ਨੇ ਦੋਸ਼ ਲਾਇਆ ਿਕ ਇਹ ਧੱਕੇਸ਼ਾਹੀ ਹੈ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਦੀ ਨਿੱਜੀ ਜਾਇਦਾਦ ਨੂੰ ਬਿਨਾਂ ਕਿਸੇ ਕਾਰਨ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਿਕ ਪੰਜਾਬ ’ਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ।
Read More : ਪਾਕਿ ਤੋਂ ਡਰੋਨ ਰਾਹੀਂ ਆਈ 6 ਕਿਲੋ ਹੈਰੋਇਨ ਅਤੇ 6 ਕਿਲੋ ਆਈ.ਸੀ.ਈ. ਸਮੇਤ 3 ਗ੍ਰਿਫ਼ਤਾਰ
