ਪੁਲਸ ਹਿਰਾਸਤ ’ਚ ਥਰਡ ਡਿਗਰੀ ਟਾਰਚਰ ਦਾ ਮਾਮਲਾ
ਪਟਿਆਲਾ, 6 ਅਗਸਤ : ਪੁਲਸ ਹਿਰਾਸਤ ਦੌਰਾਨ ਵਿਅਕਤੀ ਦੀ ਕੁੱਟਮਾਰ ਅਤੇ ਥਰਡ ਡਿਗਰੀ ਟਾਰਚਰ ਦੇ ਮਾਮਲੇ ’ਚ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ’ਤੇ ਥਾਣਾ ਘੱਗਾ ਦੇ ਐੱਸ. ਐੱਚ. ਓ. ਯਸ਼ਪਾਲ ਸਿੰਘ ਅਤੇ ਏ. ਐੱਸ. ਆਈ. ਬਲਬੀਰ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਦੋਨਾਂ ਨੂੰ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਤਤਕਾਲ ਪ੍ਰਭਾਵ ਨਾਲ ਸਸਪੈਂਡ ਵੀ ਕਰ ਦਿੱਤਾ ਹੈ।
ਦੋਨਾਂ ਖਿਲਾਫ ਥਾਣਾ ਘੱਗਾ ਵਿਖੇ ਹੀ ਹਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਅਤਾਲਾਂ ਰੋਡ ਘੱਗਾ ਦੀ ਸ਼ਿਕਾਇਤ ’ਤੇ 115(2), 127 (2), 3 (5) ਬੀ. ਐੱਨ. ਐੱਸ. ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮੁਤਾਬਕ ਥਾਣਾ ਘੱਗਾ ਵਿਖੇ 10 ਜੁਲਾਈ 2024 ਨੂੰ ਵਰਿੰਦਰ ਕੌਰ ਪਤਨੀ ਗਗਨਦੀਪ ਸਿੰਘ ਵਾਸੀ ਵਾਰਡ ਨੰਬਰ 6 ਅਤਾਲਾ ਰੋਡ ਘੱਗਾ ਦੀ ਸ਼ਿਕਾਇਤ ’ਤੇ ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਅਤਾਲਾਂ ਰੋਡ ਘੱਗਾ ਖਿਲਾਫ ਕੇਸ ਦਰਜ ਹੋਇਆ ਸੀ।
ਇਸ ਮਾਮਲੇ ’ਚ ਹਰਪ੍ਰੀਤ ਸਿੰਘ ਵੱਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ’ਚ ਪੁਲਸ ਹਿਰਾਸਤ ਦੌਰਾਨ ਪਟੀਸ਼ਨਰ ਦੀ ਕੁੱਟਮਾਰ ਕਰਨ ਅਤੇ ਇਲੈਕਟਰਿਕ ਸ਼ੌਕ ਦੇਣ ਸਬੰਧੀ ਗੰਭੀਰ ਦੋਸ਼ ਲਾਏ ਸਨ। ਇਸ ਮਾਮਲੇ ’ਚ ਮਾਣਯੋਗ ਹਾਈਕੋਰਟ ਦੇ ਹੁਕਮਾਂ ਮੁਤਾਬਕ ਪਟੀਸ਼ਨਰ ਦਾ ਮੈਡੀਕਲ ਜ਼ਿਲਾ ਪੁਲਸ ਮੋਹਾਲੀ ਵਿਖੇ ਗਠਿਤ ਕੀਤੀ ਗਈ ਟੀਮ ਦੀ ਨਿਗਰਾਨੀ ਹੇਠ ਪੀ. ਜੀ. ਆਈ. ਚੰਡੀਗੜ੍ਹ ਤੋਂ ਕਰਵਾਇਆ ਗਿਆ।
ਮੈਡੀਕਲ ਰਿਪੋਰਟ ਦੇ ਅਾਧਾਰ ’ਤੇ ਐੱਸ. ਆਈ. ਯਸ਼ਪਾਲ ਸਿੰਘ ਅਤੇ ਏ. ਐੱਸ. ਆਈ. ਬਲਬੀਰ ਸਿੰਘ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਦੋਨਾਂ ਦੀ ਗ੍ਰਿਫਤਾਰੀ ਅਜੇ ਨਹੀਂ ਹੋਈ ਹੈ।
Read More : ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ