2 ਏ.ਕੇ ਸੀਰੀਜ਼ ਰਾਈਫਲਾਂ, ਇਕ ਪਿਸਤੌਲ ਅਤੇ ਵੱਡੀ ਮਾਤਰਾ ’ਚ ਗੋਲਾ ਬਾਰੂਦ ਬਰਾਮਦ
ਅੰਮ੍ਰਿਤਸਰ, 4 ਨਵੰਬਰ : ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਘੋਨੇਵਾਲ ਵਿਚ ਵਿਲੇਜ ਡਿਫੈਂਸ ਕਮੇਟੀ ਦੀ ਚੌਕਸੀ ਨੇ ਇਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ।
ਪੁਲਸ ਨੇ ਰਾਮਦਾਸ ਥਾਣਾ ਖੇਤਰ ਦੇ ਰਾਵੀ ਨਦੀ ਕੰਢੇ ਤੋਂ ਪਾਕਿਸਤਾਨ ਤੋਂ ਸਮੱਗਲਿੰਗ ਨਾਲ ਲਿਆਂਦੀ ਭਾਰੀ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਹੈ। ਇਸ ਵਿਚ 2 ਆਧੁਨਿਕ ਏ.ਕੇ.-ਸੀਰੀਜ਼ ਅਸਾਲਟ ਰਾਈਫਲਾਂ (8 ਮੈਗਜ਼ੀਨਾਂ ਸਮੇਤ) ਇੱਕ. 30 ਬੋਰ ਪਿਸਤੌਲ (2 ਮੈਗਜ਼ੀਨਾਂ ਸਮੇਤ), 245 ਜ਼ਿੰਦਾ ਕਾਰਤੂਸ (7.62 ਐੱਮ. ਐੱਮ.) ਅਤੇ 50 ਜ਼ਿੰਦਾ ਕਾਰਤੂਸ (.30 ਬੋਰ) ਸ਼ਾਮਲ ਹਨ।
ਐੱਸ. ਐੱਸ. ਪੀ. ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਨੇ ਦੱਸਿਆ ਕਿ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰਾਂ ਨੂੰ ਖੇਤਾਂ ਵਿਚ ਇਕ ਸ਼ੱਕੀ ਬੈਗ ਦਿਖਾਈ ਦਿੱਤਾ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਬੈਗ ਦੀ ਤਲਾਸ਼ੀ ਲੈ ਕੇ ਇਹ ਖਤਰਨਾਕ ਖੇਪ ਬਰਾਮਦ ਕੀਤੀ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਲਗਾਤਾਰ ਪੰਜਾਬ ਵਿਚ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਡਰੋਨ ਜਾਂ ਹੋਰ ਸਾਧਨਾਂ ਨਾਲ ਹਥਿਆਰ ਭੇਜ ਕੇ ਗੈਂਗਸਟਰਾਂ ਅਤੇ ਅੱਤਵਾਦੀਆਂ ਨੂੰ ਸਪਲਾਈ ਕੀਤੀ ਜਾ ਰਹੀ ਹੈ। ਸਾਡੀ ਪੁਲਸ ਅਤੇ ਪਿੰਡ ਵਾਸੀਆਂ ਦੀ ਮੁਸਤੈਦੀ ਨਾਲ ਅਜਿਹੀ ਹਰ ਸਾਜ਼ਿਸ਼ ਨੂੰ ਨਾਕਾਮ ਕੀਤਾ ਜਾ ਰਿਹਾ ਹੈ।
Read More : ਬੂਟਾ ਸਿੰਘ ਪ੍ਰਤੀ ਵਰਤੀ ਸ਼ਬਦਾਵਲੀ ਲਈ ਐੱਸ.ਸੀ. ਕਮਿਸ਼ਨ ਵੱਲੋਂ ਰਾਜਾ ਵੜਿੰਗ ਤਲਬ
