ਵਿਜੀਲੈਂਸ ਬਿਊਰੋ ਨੇ ਭੋਗਪੁਰ ਦਫ਼ਤਰ ਵਿਖੇ ਤਾਇਨਾਤ ਮਹਿਲਾ ਅਧਿਕਾਰੀ ਨੂੰ ਰੰਗੇ ਹੱਥੀਂ ਦਬੋਚਿਆ
ਜਲੰਧਰ, 26 ਫਰਵਰੀ : ਵਿਜੀਲੈਂਸ ਬਿਊਰੋ ਨੇ ਜ਼ਿਲਾ ਜਲੰਧਰ ਦੇ ਭੋਗਪੁਰ ਸਥਿਤ ਐੱਫ.ਸੀ.ਆਈ. ਦਫ਼ਤਰ ਵਿਖੇ ਤਾਇਨਾਤ ਤਕਨੀਕੀ ਸਹਾਇਕ ਰੂਹੀ ਬਾਲਾ ਕਾਲੀਆ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਉਕਤ ਕਾਰਵਾਈ ਗੁਰੂ ਤੇਗ ਬਹਾਦਰ ਚੌਲ ਮਿੱਲ, ਨੰਗਲ ਫਿਦਾ ਦੇ ਮੈਨੇਜਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ।
ਸ਼ਿਕਾਇਤਕਰਤਾ ਅਨੁਸਾਰ ਖ਼ਰੀਦ ਸੀਜ਼ਨ 2025-26 ਲਈ ਉਨ੍ਹਾਂ ਦੀ ਚੌਲ ਮਿੱਲ ਨੂੰ ਝੋਨੇ ਦੀਆਂ 49,086 ਬੋਰੀਆਂ ਅਲਾਟ ਕੀਤੀਆਂ ਗਈਆਂ ਸਨ। ਇਨ੍ਹਾਂ ਵਿਚੋਂ ਚੌਲਾਂ ਦੀਆਂ 1,160 ਬੋਰੀਆਂ ਦੀਆਂ ਦੋ ਖੇਪਾਂ ਐੱਫ.ਸੀ.ਆਈ. ਨੂੰ ਭੇਜਣੀਆਂ ਬਾਕੀ ਸਨ। ਜਦੋਂ ਇਹ ਖੇਪਾਂ ਭੋਗਪੁਰ ਸਥਿਤ ਐੱਫ.ਸੀ.ਆਈ. ਗੋਦਾਮ ਵਿਚ ਭੇਜੀਆਂ ਗਈਆਂ, ਤਾਂ ਰੂਹੀ ਬਾਲਾ ਕਾਲੀਆ ਨੇ ਇਨ੍ਹਾਂ ਨੂੰ ਕਲੀਅਰ ਕਰਨ ਬਦਲੇ 25,000 ਰੁਪਏ ਰਿਸ਼ਵਤ ਦੀ ਮੰਗ ਕੀਤੀ।
ਦੋਸ਼ ਹੈ ਕਿ ਉਕਤ ਅਧਿਕਾਰੀ ਨੇ ਪਹਿਲਾਂ ਵੀ ਫਰਮ ਦੀਆਂ ਖੇਪਾਂ ਕਲੀਅਰ ਕਰਨ ਬਦਲੇ 50,000 ਰੁਪਏ ਰਿਸ਼ਵਤ ਲਈ ਸੀ। ਖੇਪਾਂ ਰੱਦ ਹੋਣ ਦੇ ਡਰੋਂ ਸ਼ਿਕਾਇਤਕਰਤਾ ਪਹਿਲਾਂ ਤਾਂ ਸਹਿਮਤ ਹੋ ਗਿਆ, ਪਰ ਬਾਅਦ ਵਿਚ ਸੌਦਾ 20,000 ਰੁਪਏ ਵਿਚ ਤੈਅ ਹੋਇਆ। ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਸਬੰਧੀ ਸਾਰੀ ਗੱਲਬਾਤ ਰਿਕਾਰਡ ਕਰ ਲਈ ਅਤੇ ਵਿਜੀਲੈਂਸ ਬਿਊਰੋ ਯੂਨਿਟ ਕਪੂਰਥਲਾ ਕੋਲ ਪਹੁੰਚ ਕੀਤੀ।
ਵਿਜੀਲੈਂਸ ਨੇ ਜਾਲ ਵਿਛਾ ਕੇ ਰੂਹੀ ਬਾਲਾ ਕਾਲੀਆ ਨੂੰ ਸ਼ਿਕਾਇਤਕਰਤਾ ਤੋਂ 20,000 ਰੁਪਏ ਲੈਂਦਿਆਂ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਚ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Read More : ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ’ਤੇ ਗਾਇਕ ਪਰਮੀਸ਼ ਵਰਮਾ ਦਾ ਪਰਿਵਾਰ
