18 ਮਹੀਨਿਆਂ ਦੇ ਅੰਤਰਿਮ ਸ਼ਾਸਨ ਦਾ ਹੋਇਆ ਅੰਤ; ਜਾਤੀ ਸੰਸਦ ਦੇ ‘ਸਾਊਥ ਪਲਾਜ਼ਾ’ ਵਿੱਚ ਚੁੱਕੀ ਸਹੁੰ
ਢਾਕਾ, 17 ਫਰਵਰੀ : ਤਾਰਿਕ ਰਹਿਮਾਨ ਨੇ ਮੰਗਲਵਾਰ ਨੂੰ ਬੰਗਲਾਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕ ਲਈ ਹੈ। ਇਸ ਦੇ ਨਾਲ ਹੀ ਅਗਸਤ 2024 ਵਿੱਚ ਸ਼ੇਖ ਹਸੀਨਾ ਸਰਕਾਰ ਦੇ ਸੱਤਾ ਤੋਂ ਬੇਦਖ਼ਲ ਹੋਣ ਤੋਂ ਬਾਅਦ ਦੇਸ਼ ਦੀ ਵਾਗਡੋਰ ਸੰਭਾਲਣ ਵਾਲੀ ਅੰਤਰਿਮ ਸਰਕਾਰ ਦੇ 18 ਮਹੀਨਿਆਂ ਦੇ ਸ਼ਾਸਨ ਦਾ ਅੰਤ ਹੋ ਗਿਆ। ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਰਹਿਮਾਨ (60) ਨੂੰ ਪਰੰਪਰਾ ਤੋਂ ਹਟ ਕੇ ‘ਬੰਗਭਵਨ’ ਦੀ ਬਜਾਏ ਜਾਤੀ ਸੰਸਦ ਦੇ ‘ਸਾਊਥ ਪਲਾਜ਼ਾ’ ਵਿੱਚ ਅਹੁਦੇ ਦੀ ਸਹੁੰ ਚੁਕਾਈ।
ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ੀਆ ਅਤੇ ਮਰਹੂਮ ਰਾਸ਼ਟਰਪਤੀ ਜ਼ੀਆ ਉਰ ਰਹਿਮਾਨ ਦੇ ਪੁੱਤਰ ਤਾਰਿਕ ਰਹਿਮਾਨ 17 ਸਾਲਾਂ ਤੱਕ ਲੰਡਨ ਵਿੱਚ ਜਲਾਵਤਨੀ ਵਿੱਚ ਰਹਿਣ ਤੋਂ ਬਾਅਦ 2 ਮਹੀਨੇ ਪਹਿਲਾਂ ਹੀ ਸਵਦੇਸ਼ ਪਰਤੇ ਸਨ। ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਉਨ੍ਹਾਂ ਦਾ ਕਾਰਜਕਾਲ 5 ਸਾਲਾਂ ਦਾ ਹੋਵੇਗਾ। ਇਸ ਤੋਂ ਪਹਿਲਾਂ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐੱਨ.ਪੀ.) ਦੇ ਸੰਸਦ ਮੈਂਬਰਾਂ ਨੇ ਰਹਿਮਾਨ ਨੂੰ ਸੰਸਦੀ ਦਲ ਦਾ ਨੇਤਾ ਚੁਣਿਆ ਸੀ।
ਰਾਸ਼ਟਰਪਤੀ ਸ਼ਹਾਬੂਦੀਨ ਨੇ ਇਕ ਸਮਾਰੋਹ ਵਿੱਚ ਮੰਤਰੀ ਮੰਡਲ ਦੇ ਨਵੇਂ ਮੈਂਬਰਾਂ ਨੂੰ ਵੀ ਸਹੁੰ ਚੁਕਾਈ। ਇਸ ਪ੍ਰੋਗਰਾਮ ਵਿੱਚ ਭਾਰਤ ਅਤੇ ਪਾਕਿਸਤਾਨ ਸਮੇਤ ਗੁਆਂਢੀ ਦੇਸ਼ਾਂ ਦੇ ਕਈ ਨੇਤਾ ਮੌਜੂਦ ਸਨ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਹੁੰ ਚੁੱਕ ਸਮਾਗਮ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।
Read More : ਫ਼ੌਜੀ ਟਰੱਕ ਦੀ ਟੱਕਰ ਨਾਲ 2 ਵਿਦਿਆਰਥੀਆਂ ਦੀ ਮੌਤ
