ਤਲਵੰਡੀ ਸਾਬੋ

ਤਲਵੰਡੀ ਸਾਬੋ ਨੂੰ ਮਿਲਿਆ ਨਵਾਂ ਪ੍ਰਸ਼ਾਸਨਿਕ ਕੰਪਲੈਕਸ, ਸੀ.ਐੱਮ. ਮਾਨ ਨੇ ਕੀਤਾ ਉਦਘਾਟਨ

ਸੁਖਬੀਰ ਬਾਦਲ ਦੇ ਸਵਾਲਾਂ ਦਾ ਭਗਵੰਤ ਮਾਨ ਨੇ ਦਿੱਤਾ ਜਵਾਬ; ਕਿਹਾ- ਹੁਣ ਵਿਰੋਧੀਆਂ ਨੂੰ ਦਿਖਾਓ ਇਹ ਨਵੀਂ ਇਮਾਰਤ

ਤਲਵੰਡੀ ਸਾਬੋ, 12 ਅਪ੍ਰੈਲ : ਲਗਭਗ 40 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਤਲਵੰਡੀ ਸਾਬੋ ਨੂੰ ਅੱਜ ਇੱਕ ਨਵਾਂ ਅਤੇ ਅਤਿ-ਆਧੁਨਿਕ ਪ੍ਰਸ਼ਾਸਨਿਕ ਕੰਪਲੈਕਸ ਮਿਲ ਗਿਆ ਹੈ। ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਬਹੁ-ਚਰਚਿਤ ਪ੍ਰੋਜੈਕਟ ਦਾ ਉਦਘਾਟਨ ਕੀਤਾ। ਲਗਭਗ 6 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਹ ਤਿੰਨ ਮੰਜ਼ਿਲਾ ਇਮਾਰਤ ਕਰੀਬ 3 ਹਜ਼ਾਰ ਵਰਗ ਫੁੱਟ ਖੇਤਰ ਵਿੱਚ ਬਣੀ ਹੈ, ਜੋ ਇਲਾਕੇ ਦੇ ਲੋਕਾਂ ਦੀ ਪੁਰਾਣੀ ਮੰਗ ਨੂੰ ਪੂਰੀ ਕਰਦੀ ਹੈ।

ਇਸ ਨਵੀਂ ਇਮਾਰਤ ਵਿੱਚ ਕੁੱਲ 28 ਕਮਰੇ ਬਣਾਏ ਗਏ ਹਨ, ਜਿਨ੍ਹਾਂ ਵਿੱਚ ਐਸ.ਡੀ.ਐਮ. (SDM), ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੇ ਦਫ਼ਤਰ ਸ਼ਾਮਲ ਹਨ। ਤਿੰਨਾਂ ਅਧਿਕਾਰੀਆਂ ਲਈ ਵੱਖ-ਵੱਖ ਕੋਰਟ ਰੂਮ ਵੀ ਤਿਆਰ ਕੀਤੇ ਗਏ ਹਨ, ਤਾਂ ਜੋ ਜਨਤਾ ਨੂੰ ਨਿਆਂਇਕ ਅਤੇ ਪ੍ਰਸ਼ਾਸਨਿਕ ਸੇਵਾਵਾਂ ਇੱਕੋ ਛੱਤ ਹੇਠ ਮਿਲ ਸਕਣ।

ਕੰਪਲੈਕਸ ਵਿੱਚ ਫਰਦ ਕੇਂਦਰ, ਰਜਿਸਟਰੀ ਸਹਾਇਤਾ ਕੇਂਦਰ (ਜਿੱਥੇ ਸਿਰਫ਼ 550 ਰੁਪਏ ਵਿੱਚ ਰਜਿਸਟਰੀ ਲਿਖਣ ਦੀ ਸਹੂਲਤ ਹੈ), ਆਧੁਨਿਕ ਰਿਕਾਰਡ ਰੂਮ, ਲਿਫਟ ਅਤੇ ਕੈਂਟੀਨ ਵਰਗੀਆਂ ਸਹੂਲਤਾਂ ਮੌਜੂਦ ਹਨ। ਜ਼ਿਕਰਯੋਗ ਹੈ ਕਿ 1986 ਵਿੱਚ ਬਣੀ ਪੁਰਾਣੀ ਇਮਾਰਤ ਹੁਣ ਪੂਰੀ ਤਰ੍ਹਾਂ ਖ਼ਸਤਾ ਹੋ ਚੁੱਕੀ ਸੀ।

ਉਦਘਾਟਨੀ ਸਮਾਰੋਹ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸੁਖਬੀਰ ਸਿੰਘ ਬਾਦਲ ਨੇ ਸਵਾਲ ਉਠਾਇਆ ਸੀ ਕਿ ਮੌਜੂਦਾ ਸਰਕਾਰ ਨੇ ਕਿਹੜੀ ਨਵੀਂ ਇਮਾਰਤ ਬਣਾਈ ਹੈ; ਹੁਣ ਇਹ ਆਧੁਨਿਕ ਕੰਪਲੈਕਸ ਉਨ੍ਹਾਂ ਨੂੰ ਦਿਖਾਇਆ ਜਾਣਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਸਿਹਤ ਅਤੇ ਸਿੱਖਿਆ ‘ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ। ਸੂਬੇ ਵਿੱਚ ਹੁਣ ਤੱਕ 990 ਆਮ ਆਦਮੀ ਕਲੀਨਿਕ ਖੋਲ੍ਹੇ ਜਾ ਚੁੱਕੇ ਹਨ, ਜਿੱਥੇ 5 ਕਰੋੜ ਤੋਂ ਵੱਧ ਲੋਕਾਂ ਨੇ ਇਲਾਜ ਕਰਵਾਇਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਇਹ ਨਵਾਂ ਕੰਪਲੈਕਸ ਤਲਵੰਡੀ ਸਾਬੋ ਦੇ ਵਿਕਾਸ ਲਈ ਇੱਕ ਮੀਲ ਦਾ ਪੱਥਰ ਸਾਬਿਤ ਹੋਵੇਗਾ।

Read More : GT ਬਨਾਮ LSG : ਗੁਜਰਾਤ ਨੇ ਲਖਨਊ ਨੂੰ ਉਨ੍ਹਾਂ ਦੇ ਘਰ ‘ਚ ਦਿੱਤੀ ਮਾਤ

Leave a Reply

Your email address will not be published. Required fields are marked *