ਨਿਊਜ਼ੀਲੈਂਡ

ਟੀ-20 ਵਿਸ਼ਵ ਕੱਪ : ਨਿਊਜ਼ੀਲੈਂਡ ਨੇ ਜਿੱਤ ਨਾਲ ਕੀਤੀ ਆਪਣੀ ਮੁਹਿੰਮ ਦੀ ਸ਼ੁਰੂਆਤ

ਟਿਮ ਸੀਫਰਟ ਦੇ ਅਰਧ ਸੈਂਕੜੇ ਦੀ ਬਦੌਲਤ ਨਿਊਜ਼ੀਲੈਂਡ ਨੇ ਅਫ਼ਗਾਨਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ

ਚੇਨਈ, 8 ਫਰਵਰੀ : ਟਿਮ ਸੀਫਰਟ ਦੇ ਤੇਜ਼ ਅਰਧ ਸੈਂਕੜੇ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਐਤਵਾਰ ਨੂੰ ਇੱਥੇ ਆਈ.ਸੀ.ਸੀ. ਟੀ-20 ਵਿਸ਼ਵ ਕੱਪ ਦੇ ਗਰੁੱਪ-ਡੀ ਮੈਚ ਵਿੱਚ ਅਫ਼ਗਾਨਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਅਫ਼ਗਾਨਿਸਤਾਨ ਵੱਲੋਂ ਦਿੱਤੇ ਗਏ 183 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਨੇ 17.5 ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ 183 ਦੌੜਾਂ ਬਣਾਉਂਦਿਆਂ ਆਸਾਨ ਜਿੱਤ ਦਰਜ ਕੀਤੀ।

ਸੀਫਰਟ ਤੇ ਫਿਲਿਪਸ ਦੀ ਅਹਿਮ ਸਾਂਝੇਦਾਰੀ ਓਪਨਰ ਅਤੇ ਵਿਕਟਕੀਪਰ ਟਿਮ ਸੀਫਰਟ ਨੇ 42 ਗੇਂਦਾਂ ਵਿੱਚ ਤਿੰਨ ਛੱਕਿਆਂ ਅਤੇ ਸੱਤ ਚੌਕਿਆਂ ਦੀ ਮਦਦ ਨਾਲ 65 ਦੌੜਾਂ ਬਣਾਈਆਂ। ਨਿਊਜ਼ੀਲੈਂਡ ਨੂੰ ਸ਼ੁਰੂਆਤ ਵਿੱਚ ਉਦੋਂ ਝਟਕਾ ਲੱਗਾ ਜਦੋਂ ਦੂਜੇ ਓਵਰ ਵਿੱਚ ਸਿਰਫ਼ 14 ਦੌੜਾਂ ’ਤੇ ਦੋ ਵਿਕਟਾਂ ਡਿੱਗ ਗਈਆਂ।

ਇਸ ਤੋਂ ਬਾਅਦ ਸੀਫਰਟ ਨੇ ਗਲੇਨ ਫਿਲਿਪਸ (42 ਦੌੜਾਂ) ਨਾਲ ਮਿਲ ਕੇ ਤੀਜੀ ਵਿਕਟ ਲਈ 47 ਗੇਂਦਾਂ ਵਿੱਚ 74 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ। ਮਾਰਕ ਚੈਪਮੈਨ (28), ਡੈਰਿਲ ਮਿਸ਼ੇਲ (25 ਨਾਬਾਦ) ਅਤੇ ਕਪਤਾਨ ਮਿਸ਼ੇਲ ਸੈਂਟਨਰ (17 ਨਾਬਾਦ) ਨੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਅਫ਼ਗਾਨਿਸਤਾਨ ਲਈ ਮੁਜੀਬ ਉਰ ਰਹਿਮਾਨ ਨੇ ਦੋ ਵਿਕਟਾਂ ਲਈਆਂ।

ਗੁਲਬਦੀਨ ਦੀ ਪਾਰੀ ਗਈ ਬੇਕਾਰ ਇਸ ਤੋਂ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਦਿਆਂ ਅਫ਼ਗਾਨਿਸਤਾਨ ਨੇ 6 ਵਿਕਟਾਂ ’ਤੇ 182 ਦੌੜਾਂ ਬਣਾਈਆਂ ਸਨ। ਤਜਰਬੇਕਾਰ ਗੁਲਬਦੀਨ ਨਾਇਬ ਨੇ 35 ਗੇਂਦਾਂ ਵਿੱਚ ਚਾਰ ਛੱਕਿਆਂ ਤੇ ਤਿੰਨ ਚੌਕਿਆਂ ਦੀ ਮਦਦ ਨਾਲ 63 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਸ ਨੇ ਸਦੀਕਉੱਲਾ ਅਟਲ (29) ਨਾਲ ਮਿਲ ਕੇ ਤੀਜੀ ਵਿਕਟ ਲਈ 79 ਦੌੜਾਂ ਜੋੜੀਆਂ।
ਸਲਾਮੀ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ ਨੇ 27 ਦੌੜਾਂ ਦਾ ਯੋਗਦਾਨ ਪਾਇਆ। ਨਿਊਜ਼ੀਲੈਂਡ ਵੱਲੋਂ ਲਾਕੀ ਫਰਗੂਸਨ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ, ਜਿਸ ਨੇ 40 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।

ਅਫ਼ਗਾਨਿਸਤਾਨ ਨੇ ਆਖਰੀ 5 ਓਵਰਾਂ ਵਿੱਚ 52 ਦੌੜਾਂ ਬਣਾ ਕੇ ਸਕੋਰ 180 ਤੋਂ ਪਾਰ ਪਹੁੰਚਾਇਆ ਸੀ, ਪਰ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਸਾਹਮਣੇ ਇਹ ਟੀਚਾ ਛੋਟਾ ਸਾਬਤ ਹੋਇਆ।

Read More : ਸਿੰਗਾਪੁਰ ’ਚ ਦੂਜੀ ਵਿਸ਼ਵ ਜੰਗ ਦੇ ਸ਼ਹੀਦ ਸਿੱਖ ਫ਼ੌਜੀਆਂ ਦੀ ਯਾਦ ’ਚ ਵਿਸ਼ੇਸ਼ ਸਮਾਗਮ

Leave a Reply

Your email address will not be published. Required fields are marked *