ਪਾਕਿਸਤਾਨ ਨੂੰ 61 ਦੌੜਾਂ ਨਾਲ ਚਟਾਈ ਧੂੜ
ਈਸ਼ਾਨ ਕਿਸ਼ਨ ਦੇ ਧਮਾਕੇਦਾਰ ਅਰਧ-ਸੈਂਕੜੇ ਅਤੇ ਗੇਂਦਬਾਜ਼ਾਂ ਦੇ ਕਹਿਰ ਅੱਗੇ ਪਾਕਿਸਤਾਨੀ ਟੀਮ 114 ਦੌੜਾਂ ‘ਤੇ ਹੋਈ ਢੇਰ
ਕੋਲੰਬੋ, 15 ਫਰਵਰੀ : ਆਈਸੀਸੀ ਟੀ-20 ਵਰਲਡ ਕੱਪ 2026 ਦੇ 27ਵੇਂ ਮੈਚ ਵਿੱਚ ਭਾਰਤ ਨੇ ਇੱਕ ਵਾਰ ਫਿਰ ਪਾਕਿਸਤਾਨ ਨੂੰ ਇੱਕਤਰਫਾ ਮੁਕਾਬਲੇ ਵਿੱਚ 61 ਦੌੜਾਂ ਨਾਲ ਕਰਾਰੀ ਮਾਤ ਦਿੱਤੀ ਹੈ।
ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡੇ ਗਏ ਇਸ ਹਾਈ-ਵੋਲਟੇਜ ਮੁਕਾਬਲੇ ਵਿੱਚ ਭਾਰਤ ਵੱਲੋਂ ਦਿੱਤੇ 176 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਪੂਰੀ ਟੀਮ ਮਹਿਜ਼ 114 ਦੌੜਾਂ ‘ਤੇ ਹੀ ਸਿਮਟ ਗਈ। ਇਸ ਸ਼ਾਨਦਾਰ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਅਧਿਕਾਰਤ ਤੌਰ ‘ਤੇ ਸੁਪਰ-8 ਪੜਾਅ ਲਈ ਕੁਆਲੀਫਾਈ ਕਰ ਲਿਆ ਹੈ।
ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਭਾਵੇਂ ਧੀਮੀ ਰਹੀ ਅਤੇ ਅਭਿਸ਼ੇਕ ਸ਼ਰਮਾ ਜ਼ੀਰੋ ‘ਤੇ ਆਊਟ ਹੋ ਗਏ, ਪਰ ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਮੈਦਾਨ ਦੇ ਚਾਰੇ ਪਾਸੇ ਛੱਕੇ-ਚੌਕਿਆਂ ਦੀ ਬਾਰਿਸ਼ ਕਰ ਦਿੱਤੀ। ਕਿਸ਼ਨ ਨੇ ਮਹਿਜ਼ 27 ਗੇਂਦਾਂ ਵਿੱਚ ਆਪਣਾ ਅਰਧ-ਸੈਂਕੜਾ ਪੂਰਾ ਕੀਤਾ ਅਤੇ ਕੁੱਲ 40 ਗੇਂਦਾਂ ਵਿੱਚ 77 ਦੌੜਾਂ (10 ਚੌਕੇ, 3 ਛੱਕੇ) ਦੀ ਤੂਫ਼ਾਨੀ ਪਾਰੀ ਖੇਡ ਕੇ ਭਾਰਤ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ।
ਇਸ ਤੋਂ ਬਾਅਦ ਕਪਤਾਨ ਸੂਰਿਆਕੁਮਾਰ ਯਾਦਵ (32), ਤਿਲਕ ਵਰਮਾ (25) ਅਤੇ ਸ਼ਿਵਮ ਦੁਬੇ (27) ਨੇ ਅਹਿਮ ਯੋਗਦਾਨ ਪਾਇਆ। ਅਖੀਰ ਵਿੱਚ ਰਿੰਕੂ ਸਿੰਘ ਨੇ 4 ਗੇਂਦਾਂ ਵਿੱਚ 11 ਦੌੜਾਂ ਜੜ ਕੇ ਭਾਰਤ ਦਾ ਸਕੋਰ 7 ਵਿਕਟਾਂ ‘ਤੇ 175 ਤੱਕ ਪਹੁੰਚਾ ਦਿੱਤਾ।
176 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨੀ ਟੀਮ ਭਾਰਤੀ ਗੇਂਦਬਾਜ਼ੀ ਅੱਗੇ ਪੂਰੀ ਤਰ੍ਹਾਂ ਬੇਵੱਸ ਨਜ਼ਰ ਆਈ। ਹਾਰਦਿਕ ਪੰਡਯਾ ਨੇ ਪਹਿਲੇ ਹੀ ਓਵਰ ਵਿੱਚ ਸਾਹਿਬਜ਼ਾਦਾ ਫਰਹਾਨ ਨੂੰ ਜ਼ੀਰੋ ‘ਤੇ ਆਊਟ ਕਰਕੇ ਮੈਡਨ ਓਵਰ ਸੁੱਟਿਆ। ਇਸ ਤੋਂ ਬਾਅਦ ਜਸਪ੍ਰੀਤ ਬੁਮਰਾਹ ਨੇ ਦੂਜੇ ਓਵਰ ਵਿੱਚ ਸੈਮ ਅਯੂਬ (6) ਅਤੇ ਪਾਕਿਸਤਾਨੀ ਕਪਤਾਨ ਸਲਮਾਨ ਆਗਾ ਨੂੰ ਚਲਦਾ ਕਰਕੇ ਪਾਕਿਸਤਾਨੀ ਬੱਲੇਬਾਜ਼ੀ ਦਾ ਲੱਕ ਤੋੜ ਦਿੱਤਾ।
ਮੱਧ ਓਵਰਾਂ ਵਿਚ ਅਕਸ਼ਰ ਪਟੇਲ ਨੇ ਬਾਬਰ ਆਜ਼ਮ (5) ਅਤੇ ਸੈੱਟ ਬੱਲੇਬਾਜ਼ ਉਸਮਾਨ ਖਾਨ (44) ਦੀਆਂ ਅਹਿਮ ਵਿਕਟਾਂ ਲਈਆਂ। ਕੁਲਦੀਪ ਯਾਦਵ, ਵਰੁਣ ਚੱਕਰਵਰਤੀ ਅਤੇ ਤਿਲਕ ਵਰਮਾ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਪਾਕਿਸਤਾਨੀ ਪਾਰੀ ਨੂੰ 114 ਦੌੜਾਂ ‘ਤੇ ਹੀ ਸਮੇਟ ਕੇ ਭਾਰਤ ਦੀ ਇਤਿਹਾਸਕ ਜਿੱਤ ‘ਤੇ ਮੋਹਰ ਲਗਾਈ।
Read More : ਸੀ.ਬੀ.ਐੱਸ.ਈ. ਦੀਆਂ ਸਾਲਾਨਾ ਪ੍ਰੀਖਿਆਵਾਂ ਕੱਲ੍ਹ ਤੋਂ; 46 ਲੱਖ ਵਿਦਿਆਰਥੀ ਹੋਣਗੇ ਅਪੀਅਰ
