ਜ਼ਿਲਾ ਪ੍ਰਸ਼ਾਸਨ ਵੱਲੋਂ ਅਲਰਟ, ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ
ਲੁਧਿਆਣਾ, 7 ਸਤੰਬਰ : ਭਾਖੜਾ ਡੈਮ ’ਚ ਪਾਣੀ ਦੀ ਆਮਦ ਘੱਟ ਹੋਣ ’ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਦੀ ਮੈਨੇਜਮੈਂਟ ਨੇ ਇਸ ਦੇ ਦਸ ਫੁੱਟ ਤੱਕ ਖੋਲ੍ਹੇ ਫਲੱਡ ਗੇਟ ਹੁਣ ਸੱਤ ਫੁੱਟ ਕਰ ਦਿੱਤੇ ਹਨ ਪਰ ਇੱਥੋਂ ਸਤਲੁਜ ਦਰਿਆ ’ਚ ਛੱਡੇ ਜਾ ਰਹੇ ਪਾਣੀ ਨਾਲ ਹੁਣ ਲੁਧਿਆਣਾ ’ਚ ਹੜ੍ਹ ਦਾ ਖ਼ਤਰਾ ਮੰਡਰਾਉਣ ਲੱਗਾ ਹੈ।
ਜ਼ਿਲਾ ਲੁਧਿਆਣਾ ਦੇ ਪਿੰਡ ਸਸਰਾਲੀ ’ਚ ਸਤਲੁਜ ਦਾ ਪਾਣੀ ਕਰੀਬ ਇਕ ਕਿਲੋਮੀਟਰ ਧੁੱਸੀ ਬੰਨ੍ਹ ਤੋੜਨ ਤੋਂ ਬਾਅਦ ਪ੍ਰਸ਼ਾਸਨ ਵੱਲੋਂ 200 ਫੁੱਟ ਦੀ ਦੂਰੀ ’ਤੇ ਬਣਾਏ ਗਏ ਆਰਜ਼ੀ ਧੁੱਸੀ ਬੰਨ੍ਹ ਤੋਂ ਵੀ ਅੱਗੇ ਨਿਕਲ ਗਿਆ ਹੈ। ਇਸ ਨਾਲ ਜ਼ਿਲੇ ਦੇ ਕਰੀਬ 12 ਪਿੰਡਾਂ ’ਚ ਹੜ੍ਹ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਜ਼ਿਲਾ ਪ੍ਰਸ਼ਾਸਨ ਨੇ ਲੋਕਾਂ ਨੂੰ ਅਲਰਟ ਕਰਦੇ ਹੋਏ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਹੈ।
ਇਸ ਦੌਰਾਨ ਪਟਿਆਲਾ ਦੇ ਪਿੰਡਾਂ ’ਚ ਆਇਆ ਘੱਗਰ ਦਰਿਆ ਦਾ ਪਾਣੀ ਹੁਣ ਘੱਟ ਹੋਣ ਲੱਗਾ ਹੈ ਪਰ ਸੰਗਰੂਰ ਤੇ ਮਾਨਸਾ ਜ਼ਿਲੇ ’ਚ ਘੱਗਰ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨਜ਼ਦੀਕ ਪਹੁੰਚਣ ਨਾਲ ਉੱਥੇ ਹੜ੍ਹ ਦਾ ਖ਼ਤਰਾ ਵਧ ਗਿਆ ਹੈ। ਸੂਬੇ ਦੇ ਹੋਰ ਹੜ੍ਹ ਪ੍ਰਭਾਵਿਤ ਜ਼ਿਲਿਆਂ ’ਚ ਪਾਣੀ ਦਾ ਪੱਧਰ ਤੇਜ਼ੀ ਨਾਲ ਘੱਟ ਹੋ ਰਿਹਾ ਹੈ।
Read More : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ