ਰਾਮ ਮੰਦਰ ’ਤੇ ਹਮਲੇ ਦੀ ਸਾਜ਼ਿਸ਼ ਘੜਨ ਦਾ ਸੀ ਦੋਸ਼; ਸਾਥੀ ਕੈਦੀ ਨੇ ਸਿਰ ’ਚ ਪੱਥਰ ਮਾਰ ਕੇ ਲਿਆ ਉਤਾਰਿਆ ਮੌਤ ਦੇ ਘਾਟ
ਫ਼ਰੀਦਾਬਾਦ, 9 ਫਰਵਰੀ – ਅੱਤਵਾਦੀ ਘਟਨਾਵਾਂ ’ਚ ਸ਼ਾਮਲ ਹੋਣ ਦੇ ਦੋਸ਼ ਹੇਠ ਨੀਮਕਾ ਜੇਲ੍ਹ ’ਚ ਬੰਦ 20 ਸਾਲਾ ਸ਼ੱਕੀ ਅੱਤਵਾਦੀ ਅਬਦੁਲ ਰਹਿਮਾਨ ਦਾ ਐਤਵਾਰ ਦੇਰ ਰਾਤ ਕਤਲ ਕਰ ਦਿੱਤਾ ਗਿਆ। ਵਾਰਦਾਤ ਨੂੰ ਉਸ ਦੇ ਨਾਲ ਜੇਲ੍ਹ ਦੇ ਚੱਕੀ ਸੈੱਲ ਨੰਬਰ-2 ’ਚ ਬੰਦ ਦੂਜੇ ਕੈਦੀ ਅਰੁਣ ਚੌਧਰੀ ਉਰਫ਼ ਅੱਬੂ ਜੱਟ ਨੇ ਅੰਜਾਮ ਦਿੱਤਾ। ਘਟਨਾ ਸਮੇਂ ਸੈੱਲ ’ਚ ਇਕ ਤੀਜਾ ਕੈਦੀ ਵੀ ਮੌਜੂਦ ਸੀ।
ਜੇਲ੍ਹ ਅਧਿਕਾਰੀਆਂ ਅਨੁਸਾਰ ਰਾਤ ਲੱਗਭਗ 2 ਵਜੇ ਅਰੁਣ ਨੇ ਪੱਥਰ ਵਰਗੀ ਭਾਰੀ ਵਸਤੂ ਨਾਲ ਅਬਦੁਲ ਰਹਿਮਾਨ ਦੇ ਸਿਰ ਅਤੇ ਸਰੀਰ ’ਤੇ ਕਈ ਵਾਰ ਕੀਤੇ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਜੇਲ੍ਹ ਪ੍ਰਸ਼ਾਸਨ ਵੱਲੋਂ ਉਸ ਨੂੰ ਤੁਰੰਤ ਬੀ.ਕੇ. ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਏ.ਸੀ.ਪੀ. ਬੱਲਭਗੜ੍ਹ ਅਸ਼ੋਕ ਕੁਮਾਰ ਨੇ ਦੱਸਿਆ ਕਿ ਜੇਲ੍ਹ ਦੇ ਸੁਰੱਖਿਆ ਪ੍ਰੋਟੋਕਾਲ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਅਬਦੁਲ ਰਹਿਮਾਨ ਨੂੰ 2 ਮਾਰਚ 2025 ਨੂੰ ਪਿੰਡ ਪਾਲੀ ਸਥਿਤ ਇਕ ਖੇਤ ਤੋਂ 2 ਹੈਂਡ ਗ੍ਰੇਨੇਡ ਅਤੇ ਡੇਟੋਨੇਟਰ ਸਮੇਤ ਗੁਜਰਾਤ ਤੇ ਹਰਿਆਣਾ ਐੱਸ.ਟੀ.ਐੱਫ. ਦੀ ਸਾਂਝੀ ਟੀਮ ਨੇ ਗ੍ਰਿਫ਼ਤਾਰ ਕੀਤਾ ਸੀ। ਜਾਂਚ ’ਚ ਇਹ ਸਾਹਮਣੇ ਆਇਆ ਸੀ ਕਿ ਉਹ ਅਯੁੱਧਿਆ ਸਥਿਤ ਰਾਮ ਮੰਦਰ ’ਚ ਕਿਸੇ ਵੱਡੀ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਦੀ ਫ਼ਿਰਾਕ ’ਚ ਸੀ।
ਉਸ ਦੇ ਫ਼ੋਨ ’ਚੋਂ ਰਾਮ ਮੰਦਰ ਨਾਲ ਜੁੜੀਆਂ ਮਹੱਤਵਪੂਰਨ ਲੋਕੇਸ਼ਨਾਂ ਅਤੇ ਰਸਤਿਆਂ ਦੀਆਂ ਵੀਡੀਓਜ਼ ਵੀ ਬਰਾਮਦ ਹੋਈਆਂ ਸਨ। ਪੁਲਸ ਹੁਣ ਕਤਲ ਦੇ ਪਿੱਛੇ ਦੇ ਅਸਲੀ ਕਾਰਨਾਂ ਦਾ ਪਤਾ ਲਗਾ ਰਹੀ ਹੈ।
Read More : ਇਕਤਰਫ਼ਾ ਪਿਆਰ ਨੇ ਲਈ ਲਾਅ ਵਿਦਿਆਰਥਣ ਦੀ ਜਾਨ
