ਲੁਧਿਆਣਾ, 19 ਜੂਨ :- ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਇਥੇ ਯੂਥ ਅਕਾਲੀ ਨੇਤਾ ਕੁਲਦੀਪ ਸਿੰਘ ਦੇ ਘਰ ਗੱਲਬਾਤ ਕਰਦਿਅਾਂ ਕਿਹਾ ਕਿ ਪੰਜਾਬ ’ਚ ਖੇਤਰੀ ਪਾਰਟੀ ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਭਾਵੇਂ ਪੂਰਾ ਅਕਾਲੀ ਦਲ ਤਤਪਰ ਹੈ ਅਤੇ 5 ਮੈਂਬਰੀ ਕਮੇਟੀ ਵੀ ਨਵੇਂ ਸਿਰੇ ਤੋਂ ਭਰਤੀ ਕਰ ਕੇ ਜਲਦੀ ਹੀ ਅਕਾਲੀ ਦਲ ਨੂੰ ਇਕ ਨਵੀ ਜਥੇਬੰਦੀ ਦੇਵੇਗੀ ਪਰ ਹੁਕਮਨਾਮੇ ਨੂੰ ਪਿੱਠ ਦਿਖਾਉਣ ਵਾਲੇ ਅਕਾਲੀ ਆਗੂ ਅਤੇ ਸੁਖਬੀਰ ਬਾਦਲ ਦੇ ਹੁੰਦਿਆਂ ਅਕਾਲੀ ਦਲ ਦੇ ਪੈਰ ਨਹੀਂ ਲੱਗਣਗੇ, ਕਿਉਂਕਿ ਉਹ ਪੰਥਕ ਰਿਵਾਇਤਾਂ ਅਤੇ ਮਰਿਆਦਾਵਾਂ ਨੂੰ ਨਕਾਰ ਰਹੇ ਹਨ।
ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦਾ ਇਕ ਨੁਕਾਤੀ ਪ੍ਰੋਗਰਾਮ ਇਹ ਹੈ ਕਿ ਪੰਜਾਬ ਅਤੇ ਪੰਥਕ ਅਕਾਲੀ ਹਲਕਿਆਂ ਨੂੰ ਇਕ ਅਜਿਹੀ ਜਥੇਬੰਦੀ ਦਿੱਤੀ ਜਾਵੇ, ਜਿਸ ’ਤੇ ਲੋਕ ਵਿਸ਼ਵਾਸ ਕਰਨ ਅਤੇ ਉਹ ਸਮੇਂ ਦੇ ਨਾਲ ਸਰਕਾਰ ਦੇ ਹਾਣੀ ਬਣ ਕੇ ਪੰਜਾਬ ਦੇ ਮਸਲੇ ਹੱਲ ਕਰ ਸਕਣ।
ਜਦੋਂ ਉਨ੍ਹਾਂ ਤੋਂ ਅਕਾਲੀ ਦਲ ’ਚ ਮੁੜ ਵਾਪਸੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਕਾਲੀ ਦਲ ’ਚ ਵਾਪਸੀ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਕਿਉਂਕਿ ਮੇਰੇ ਪਿਤਾ ਸਵ. ਸੁਖਦੇਵ ਸਿੰਘ ਢੀਂਡਸਾ ਨੇ ਜਿਊਂਦੇ ਜੀ ਸੁਖਬੀਰ ਬਾਦਲ ਨੂੰ ਕਿਹਾ ਸੀ ਕਿ ਉਹ ਅਸਤੀਫਾ ਦੇ ਕੇ ਹੁਕਮਨਾਮੇ ਦੀ ਪਲਣਾ ਕਰਨ ਤਾਂ ਅਕਾਲੀ ਦਲ ਮੁੜ ਰਾਜਭਾਗ ਦਾ ਹਾਣੀ ਬਣ ਸਕਦਾ ਹੈ ਪਰ ਸੁਖਬੀਰ ਨੇ ਉਸ ’ਤੇ ਅਮਲ ਨਹੀਂ ਕੀਤਾ। ਇਸ ਲਈ ਉਹ ਆਪਣੇ ਪਿਤਾ ਵਲੋਂ ਦਿੱਤੇ ਹੁਕਮ ਦੀ ਪਾਲਣਾ ਕਰਨਗੇ। ਅੱਜ ਉਨ੍ਹਾਂ ਨਾਲ ਕੁਲਦੀਪ ਸਿੰਘ ਸਿੱਧੂ, ਸੁਖਦੇਵ ਸਿੰਘ ਚੱਕ ਕਲਾਂ, ਜਸਵਿੰਦਰ ਸਿੰਘ, ਮੇਜਰ ਸਿੰਘ ਆਦਿ ਆਗੂ ਸ਼ਾਮਲ ਸਨ।
Read More : ਲਾਰੈਂਸ ਬਿਸ਼ਨੋਈ ਗੈਂਗ ਦੇ 5 ਗੁਰਗੇ ਅਸਲੇ ਸਮੇਤ ਕਾਬੂ