ਕਿਸਾਨਾਂ ਨਾਲ ਗੱਲਬਾਤ ਕੀਤੀ, ਕਿਹਾ-ਮਾਨ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ
ਸੁਲਤਾਨਪੁਰ ਲੋਧੀ, 25 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਡ ਖੇਤਰ ਸੁਲਤਾਨਪੁਰ ਲੋਧੀ ਦੇ ਹੜ੍ਹਾਂ ਤੋਂ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸਕਲਾਂ ਸੁਣੀਆਂ।
ਬਾਦਲ ਨੇ ਕਿਹਾ ਕਿ ਜਦੋਂ ਵੀ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਸੀ, ਉਨ੍ਹਾਂ ਸਮਿਆਂ ’ਤੇ ਹੜ੍ਹਾਂ ਦੌਰਾਨ ਪ੍ਰਭਾਵਿਤ ਲੋਕਾਂ ਦੀ ਪੂਰੀ ਸਾਰ ਲਈ ਜਾਂਦੀ ਸੀ ਅਤੇ ਸਮੇਂ ਸਿਰ ਗਿਰਦਾਵਰੀਆਂ ਕਰਵਾ ਕੇ ਫਸਲਾਂ ਤੇ ਹੋਰ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ ਅਤੇ ਬੜੀ ਦੁੱਖ ਦੀ ਗੱਲ ਹੈ ਕਿ 2023 ਵਿਚ ਆਏ ਹੜ੍ਹਾਂ ਦੇ ਮੁਆਵਜ਼ੇ ਅਜੇ ਤੱਕ ਵੀ ਕਿਸਾਨਾਂ ਨੂੰ ਨਹੀਂ ਮਿਲੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹੜ੍ਹ ਪੀੜਤਾਂ ਦੀ ਸਾਰ ਲਈ ਜਾਵੇ ਅਤੇ ਤੁਰੰਤ ਜ਼ਮੀਨਾਂ ਦੀਆਂ ਗਿਰਦਾਵਰੀਆਂ ਕਰਵਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰਾਂ ਕੋਲ ਬਹੁਤ ਸ਼ਕਤੀ ਹੈ। ਇਸ ਸਮੇਂ ਸਿੰਚਾਈ ਵਿਭਾਗ ਦੀ ਪੂਰੀ ਮਸ਼ੀਨਰੀ ਨੂੰ ਇੱਥੇ ਤਾਇਨਾਤ ਕਰਨ ਅਤੇ ਮੁਆਵਜ਼ਾ ਦੇਣ ਅਤੇ ਹੋਰ ਜ਼ਰੂਰੀ ਸਹੂਲਤਾਂ ਪ੍ਰਦਾਨ ਕਰਨ ਦੀ ਬਹੁਤ ਲੋੜ ਹੈ। ਪ੍ਰਭਾਵਿਤ ਖੇਤਰਾਂ ਵਿਚ ਸਿੰਚਾਈ ਵਿਭਾਗ ਦੀ ਕੋਈ ਵੀ ਹਰਕਤ ਦਿਖਾਈ ਨਹੀਂ ਦੇ ਰਹੀ। ਸਰਕਾਰ ਨੂੰ ਅਗਲੇ ਖੇਤਰ ਨੂੰ ਬਚਾਉਣ ਲਈ ਤੁਰੰਤ ਯਤਨ ਕਰਨੇ ਪੈਣਗੇ। ਸਾਰੇ ਵਿਭਾਗਾਂ ਲਈ ਬਚਾਅ ਅਤੇ ਰਾਹਤ ਕਾਰਜਾਂ ਦੀ ਜ਼ਿੰਮੇਵਾਰੀ ਤੈਅ ਕਰਨੀ ਜ਼ਰੂਰੀ ਹੈ। ਤਦ ਹੀ ਇਸ ਵੱਡੀ ਸਮੱਸਿਆ ਦਾ ਹੱਲ ਹੋ ਸਕਦਾ ਹੈ ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ।
ਬਾਦਲ ਮੰਡ ਖੇਤਰ ਦੇ ਪਿੰਡ ਆਹਲੀ ਕਲਾਂ ਵੀ ਪੁੱਜੇ ਜਿੱਥੇ ਬੀਤੇ ਦਿਨ ਦਰਿਆ ਬਿਆਸ ਵਿੱਚ ਬਣੇ ਮਜ਼ਬੂਤ ਆਰਜ਼ੀ ਬੰਨ੍ਹ ਨੂੰ ਢਾਹ ਲੱਗੀ ਸੀ। ਇਸ ਮੌਕੇ ਉਨ੍ਹਾਂ ਬੰਨ੍ਹ ਦੀ ਮਜ਼ਬੂਤੀ ਲਈ ਪਿੰਡ ਵਾਸੀਆਂ ਅਤੇ ਸੰਤਾਂ ਮਹਾਂਪੁਰਸ਼ਾਂ ਵੱਲੋਂ ਕਈ ਦਿਨਾਂ ਤੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਬੰਨ੍ਹ ਨੂੰ ਮਜ਼ਬੂਤ ਕਰਨ ਦੀ ਸੇਵਾ ਵਿੱਚ ਲੱਗੇ ਹੋਏ ਕਿਸਾਨਾਂ ਨੂੰ ਆਪਣੇ ਕੋਲੋਂ 10 ਹਜ਼ਾਰ ਲੀਟਰ ਡੀਜ਼ਲ ਮੁਹੱਈਆ ਕਰਵਾਇਆ।
Read More : ਚੱਕੀ ਦਰਿਆ ’ਤੇ ਬਣਿਆ ਇਤਿਹਾਸਕ ਰੇਲਵੇ ਪੁਲ ਮੁੜ ਖਤਰੇ ’ਚ