ਅੰਮ੍ਰਿਤਸਰ, 16 ਨਵੰਬਰ : ‘ਆਪ’ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ ‘ਤੇ ਗੈਂਗਸਟਰਾਂ ਰਾਹੀਂ ਖੁੱਲ੍ਹੇਆਮ ਆਪਣੀ ਰਾਜਨੀਤੀ ਚਲਾਉਣ ਤੇ ਪੰਜਾਬ ਨੂੰ ਖ਼ਤਰਨਾਕ ਅਤੇ ਅਸਵੀਕਾਰਨਯੋਗ ਰੁਝਾਨ ਵੱਲ ਧੱਕਣ ਦਾ ਦੋਸ਼ ਲਾਇਆ।
ਉਨ੍ਹਾਂ ਕਿਹਾ ਕਿ ਤਰਨਤਾਰਨ ਜ਼ਿਮਨੀ ਚੋਣ ਦੌਰਾਨ ਬਾਦਲ ਨੇ ਨਾ ਸਿਰਫ਼ ਇਕ ਗੈਂਗਸਟਰ ਦੇ ਰਿਸ਼ਤੇਦਾਰ ਨੂੰ ਟਿਕਟ ਦਿੱਤੀ ਸਗੋਂ ਗੈਂਗਸਟਰ ਦੇ ਅੱਤਵਾਦੀ ਨੈੱਟਵਰਕ ਦੇ ਜ਼ੋਰ ‘ਤੇ ਪੂਰੀ ਚੋਣ ਲੜੀ। ਗੈਂਗਸਟਰ ਨੇ ਸੁਖਬੀਰ ਦੇ ਨਿਰਦੇਸ਼ਾਂ ‘ਤੇ ਸਰਪੰਚਾਂ, ਪ੍ਰਭਾਵਸ਼ਾਲੀ ਪਿੰਡ ਵਾਸੀਆਂ ਅਤੇ ਇੱਥੋਂ ਤੱਕ ਕਿ ‘ਆਪ’ ਉਮੀਦਵਾਰ ਨੂੰ ਵਾਰ-ਵਾਰ ਧਮਕੀਆਂ ਦੇਣ ਵਾਲੇ ਫੋਨ ਕੀਤੇ, ਉਨ੍ਹਾਂ ਨੂੰ ਅਕਾਲੀ ਦਲ ਨੂੰ ਵੋਟ ਪਾਉਣ ਜਾਂ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ। ਇਨ੍ਹਾਂ ਧਮਕੀਆਂ ਸਬੰਧੀ ਐੱਫ.ਆਈ.ਆਰ. ਪਹਿਲਾਂ ਹੀ ਦਰਜ ਹੈ।
ਧਾਲੀਵਾਲ ਨੇ ਕਿਹਾ ਕਿ ਸੁਖਬੀਰ ਬਾਦਲ ਦੀਆਂ ਕਾਰਵਾਈਆਂ ਨੇ ਪੰਜਾਬ ਦੇ ਰਾਜਨੀਤਕ ਸੱਭਿਆਚਾਰ ਨੂੰ ਡੂੰਘੇ ਜ਼ਖ਼ਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਚਾਲੀ ਤੋਂ ਪੰਜਾਹ ਪਿੰਡਾਂ ਨੂੰ ਦਹਿਸ਼ਤਜ਼ਦਾ ਕੀਤਾ ਗਿਆ। ਸਰਪੰਚਾਂ ਨੂੰ ਧਮਕੀਆਂ ਦਿੱਤੀਆਂ ਗਈਆਂ। ਵੋਟਰਾਂ ਨੂੰ ਡਰਾਇਆ ਗਿਆ। ਇਹ ਰਾਜਨੀਤੀ ਨਹੀਂ ਹੈ। ਅਕਾਲੀ ਦਲ ਕਦੇ ਪੰਥਕ ਕਦਰਾਂ-ਕੀਮਤਾਂ ਦੀ ਨੁਮਾਇੰਦਗੀ ਕਰਦਾ ਸੀ ਪਰ ਅੱਜ ਸੁਖਬੀਰ ਬਾਦਲ ਨੇ ਇਸ ਨੂੰ ਗੈਂਗਸਟਰ-ਸੰਚਾਲਿਤ ਸੰਗਠਨ ’ਚ ਬਦਲ ਦਿੱਤਾ ਹੈ।
ਉਨ੍ਹਾਂ ਨੇ ਸੁਖਬੀਰ ਬਾਦਲ ਦੇ ਗੈਂਗਸਟਰਾਂ ਨਾਲ ਸਬੰਧਾਂ, ਗੈਂਗਸਟਰ ਨੈੱਟਵਰਕਾਂ ਦੀ ਰਾਜਨੀਤਕ ਵਰਤੋਂ ਤੇ ਤਰਨਤਾਰਨ ਚੋਣਾਂ ਦੌਰਾਨ ਕੀਤੀਆਂ ਗਈਆਂ ਧਮਕੀਆਂ ਦੀਆਂ ਕਾਲਾਂ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਵਿਸ਼ੇਸ਼ ਜਾਂਚ ਟੀਮ (ਸਿਟ) ਦਾ ਗਠਨ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੂੰ ਸਰਪ੍ਰਸਤੀ ਦੇਣ ਵਾਲੇ ਅਤੇ ਨਾਗਰਿਕਾਂ ਨੂੰ ਧਮਕਾਉਣ ਵਾਲੇ ਆਗੂਆਂ ਨੂੰ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਅਤੇ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਡਰ ਦੇ ਮਾਹੌਲ ਦੇ ਬਾਵਜੂਦ ਤਰਨਤਾਰਨ ਦੇ ਲੋਕਾਂ ਨੇ ਸੁਖਬੀਰ ਬਾਦਲ ਦੇ ਦਹਿਸ਼ਤ ਦੇ ਮਾਡਲ ਨੂੰ ਰੱਦ ਕਰ ਦਿੱਤਾ ਅਤੇ ‘ਆਪ’ ਦੇ ਉਮੀਦਵਾਰ ਨੂੰ 12,000 ਵੋਟਾਂ ਦੇ ਵੱਡੇ ਫ਼ਰਕ ਨਾਲ ਚੁਣਿਆ। ਇਹ ਜਿੱਤ ਸਾਬਤ ਕਰਦੀ ਹੈ ਕਿ ਪੰਜਾਬੀ ਡਰ ਅੱਗੇ ਨਹੀਂ ਝੁਕਦੇ।
ਉਨ੍ਹਾਂ ਕਿਹਾ ਕਿ ਸੁਖਬੀਰ ਹੁਣ ਇਸ ਗੈਂਗਸਟਰ ਮਾਡਲ ਨੂੰ ਪੰਜਾਬ ਭਰ ’ਚ ਫੈਲਾਉਣ ਦੀ ਤਿਆਰੀ ਕਰ ਰਹੇ ਹਪ, ਜਿਸ ਕਾਰਨ ਉੱਚ ਪੱਧਰੀ ਜਾਂਚ ਹੋਰ ਵੀ ਜ਼ਰੂਰੀ ਹੋ ਗਈ ਹੈ।
Read More : ਬਾਪੂ ਕਰਤਾਰ ਸਿੰਘ ਧਾਲੀਵਾਲ ਦੇ 29ਵੇਂ ਬਰਸੀ ਸਮਾਗਮ ਦੌਰਾਨ ਹਜ਼ਾਰਾਂ ਸੰਗਤਾਂ ਨੇ ਭਰੀ ਹਾਜ਼ਰੀ
