Sukhbir Badal

ਮਾਣਹਾਨੀ ਦੇ 9 ਸਾਲ ਪੁਰਾਣੇ ਮਾਮਲੇ ’ਚ ਸੁਖਬੀਰ ਬਾਦਲ ਨੂੰ ਪੇਸ਼ੀ ਤੋਂ ਛੋਟ

ਰਾਜਨੀਤਕ ਰੈਲੀ ਦਾ ਹਵਾਲਾ ਦਿੰਦਿਆਂ ਅਦਾਲਤ ਤੋਂ ਮੰਗੀ ਗਈ ਸੀ ਨਿੱਜੀ ਪੇਸ਼ੀ ਤੋਂ ਛੋਟ ; ਅਗਲੀ ਸੁਣਵਾਈ 15 ਨੂੰ

ਚੰਡੀਗੜ੍ਹ, 6 ਅਪ੍ਰੈਲ : ਜ਼ਿਲਾ ਅਦਾਲਤ ਨੇ 9 ਸਾਲ ਪੁਰਾਣੇ ਮਾਣਹਾਨੀ ਦੇ ਇਕ ਮਾਮਲੇ ’ਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਿਅਕਤੀਗਤ ਛੋਟ ਦੀ ਅਰਜ਼ੀ ਸਵੀਕਾਰ ਕਰ ਲਈ ਹੈ। ਇਹ ਅਰਜ਼ੀ ਉਨ੍ਹਾਂ ਦੇ ਵਕੀਲ ਰਾਜੇਸ਼ ਕੁਮਾਰ ਰਾਏ ਰਾਹੀਂ ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤੀ ਗਈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 15 ਅਪ੍ਰੈਲ ਦੀ ਤਰੀਕ ਤੈਅ ਕੀਤੀ ਹੈ।

ਅਦਾਲਤ ਵਿਚ ਦਾਇਰ ਕੀਤੀ ਗਈ ਅਰਜ਼ੀ ’ਚ ਦੱਸਿਆ ਗਿਆ ਕਿ 6 ਅਪ੍ਰੈਲ ਨੂੰ ਮਾਮਲੇ ਦੀ ਸੁਣਵਾਈ ਤੈਅ ਸੀ, ਪਰ ਇਸ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਇਕ ਵੱਡੀ ਰਾਜਨੀਤਕ ਰੈਲੀ ਬਠਿੰਡਾ ਦੇ ਮਲੋਟ ਰੋਡ ’ਤੇ ਕਰਵਾਈ ਜਾ ਰਹੀ ਹੈ। ਇਸ ਰੈਲੀ ’ਚ ਵੱਖ-ਵੱਖ ਪਿੰਡਾਂ, ਸ਼ਹਿਰਾਂ ਅਤੇ ਸੂਬਿਆਂ ਤੋਂ ਵੱਡੀ ਗਿਣਤੀ ’ਚ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ ਅਤੇ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਉੱਥੇ ਬੇਹੱਦ ਜ਼ਰੂਰੀ ਹੈ।

ਅਰਜ਼ੀ ਅਨੁਸਾਰ ਉਨ੍ਹਾਂ ਦੀ ਗ਼ੈਰ-ਮੌਜੂਦਗੀ ’ਚ ਦੂਰ-ਦੁਰਾਡੇ ਤੋਂ ਆਏ ਲੋਕਾਂ ਨੂੰ ਨਿਰਾਸ਼ ਹੋਣਾ ਪੈ ਸਕਦਾ ਹੈ, ਜਿਸ ਨਾਲ ਪ੍ਰੋਗਰਾਮ ਦਾ ਉਦੇਸ਼ ਪ੍ਰਭਾਵਿਤ ਹੋਵੇਗਾ। ਦਾਇਰ ਕੀਤੀ ਗਈ ਅਰਜ਼ੀ ਦੇ ਨਾਲ ਰੈਲੀ ਦਾ ਇਸ਼ਤਿਹਾਰ ਵੀ ਨੱਥੀ ਕੀਤਾ ਗਿਆ ਸੀ।

ਅਰਜ਼ੀ ’ਚ ਅਦਾਲਤ ਨੂੰ ਭਰੋਸਾ ਦਿਵਾਇਆ ਗਿਆ ਕਿ ਸੁਖਬੀਰ ਸਿੰਘ ਬਾਦਲ ਅਗਲੀ ਸੁਣਵਾਈ ’ਤੇ ਨਿਸ਼ਚਿਤ ਰੂਪ ’ਚ ਖ਼ੁਦ ਮੌਜੂਦ ਹੋਣਗੇ। ਨਾਲ ਹੀ ਸਪੱਸ਼ਟ ਕੀਤਾ ਗਿਆ ਕਿ ਉਨ੍ਹਾਂ ਦੀ ਗ਼ੈਰ-ਮੌਜੂਦਗੀ ਜਾਣ-ਬੁੱਝ ਕੇ ਨਹੀਂ ਸਗੋਂ ਵਿਸ਼ੇਸ਼ ਹਾਲਾਤ ਕਾਰਨ ਹੈ। ਅਦਾਲਤ ਨੇ ਇਨ੍ਹਾਂ ਤੱਥਾਂ ਨੂੰ ਰਿਕਾਰਡ ’ਤੇ ਲੈਂਦਿਆਂ ਮੁਲਜ਼ਮ ਨੂੰ ਅੱਜ ਦੀ ਪੇਸ਼ੀ ਤੋਂ ਛੋਟ ਪ੍ਰਦਾਨ ਕਰ ਦਿੱਤੀ।

Read More : ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ; 3 ਅੱਤਵਾਦੀ ਗ੍ਰਿਫ਼ਤਾਰ

Leave a Reply

Your email address will not be published. Required fields are marked *