ਪਤੀ ਉਸਮਾਨ ਨੇ ਪੁਲਿਸ ਕਾਰਵਾਈ ‘ਤੇ ਚੁੱਕੇ ਸਵਾਲ
ਜਲੰਧਰ, 13 ਫਰਵਰੀ : ਪੰਜਾਬ ਦੀ ਮਸ਼ਹੂਰ ਸੂਫ਼ੀ ਗਾਇਕਾ ਜੋਤੀ ਨੂਰਾਂ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਖੁਲਾਸਾ ਕਰਦਿਆਂ ਜੋਤੀ ਨੂਰਾਂ ਦੇ ਪਤੀ ਉਸਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਵਟਸਐਪ ਕਾਲਾਂ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਧਮਕੀਆਂ ਸੰਪਤ ਨੈਹਰਾ ਨਾਮਕ ਵਿਅਕਤੀ ਦੇ ਨਾਮ ‘ਤੇ ਦਿੱਤੀਆਂ ਜਾ ਰਹੀਆਂ ਹਨ, ਜਿਸ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਮੰਨਿਆ ਜਾਂਦਾ ਹੈ।
ਉਸਮਾਨ ਮੁਤਾਬਕ ਫਿਰੌਤੀ ਨਾ ਦੇਣ ਕਾਰਨ ਉਨ੍ਹਾਂ ਨੂੰ ਵਾਰ-ਵਾਰ ਧਮਕੀ ਭਰੇ ਫੋਨ ਆ ਰਹੇ ਹਨ। ਉਨ੍ਹਾਂ ਖਦਸ਼ਾ ਜਤਾਇਆ ਕਿ ਦੋ ਦਿਨ ਪਹਿਲਾਂ ਉਨ੍ਹਾਂ ਦੇ ਘਰ ‘ਤੇ ਹੋਈ ਗੋਲੀਬਾਰੀ ਵੀ ਇਸੇ ਫਿਰੌਤੀ ਮਾਮਲੇ ਨਾਲ ਜੁੜੀ ਹੋਈ ਹੈ। ਘਟਨਾ ਤੋਂ ਪਹਿਲਾਂ ਕੁਝ ਸ਼ੱਕੀ ਵਿਅਕਤੀ ਵੀ ਉਨ੍ਹਾਂ ਦੇ ਘਰ ਦੇ ਆਲੇ-ਦੁਆਲੇ ਘੁੰਮਦੇ ਦੇਖੇ ਗਏ ਸਨ।
ਪਰਿਵਾਰ ਨੇ ਪੁਲਿਸ ਦੀ ਕਾਰਵਾਈ ‘ਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਏ ਨੂੰ ਛੇ ਮਹੀਨਿਆਂ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪਰ ਅਜੇ ਤੱਕ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ। ਦੋ ਦਿਨ ਪਹਿਲਾਂ ਹੋਈ ਗੋਲੀਬਾਰੀ ਤੋਂ ਬਾਅਦ ਵੀ ਪੁਲਿਸ ਨੇ ਮੌਕੇ ਦਾ ਜਾਇਜ਼ਾ ਲਿਆ, ਪਰ ਜਾਂਚ ਦਾ ਹਵਾਲਾ ਦੇ ਕੇ ਮਾਮਲਾ ਲਟਕ ਰਿਹਾ ਹੈ।
ਉਸਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਕਾਲ ਕਰਨ ਵਾਲੇ ਦਾ ਨੰਬਰ ਵੀ ਪੁਲਿਸ ਨੂੰ ਮੁਹੱਈਆ ਕਰਵਾ ਦਿੱਤਾ ਹੈ, ਪਰ ਸੁਰੱਖਿਆ ਨੂੰ ਲੈ ਕੇ ਉਹ ਅਜੇ ਵੀ ਚਿੰਤਤ ਹਨ।
Read More : ਕੈਪਟਨ ਨੂੰ ਸੰਮਨ ਭੇਜਣ ਵਾਲੇ ਈ.ਡੀ. ਅਧਿਕਾਰੀ ਰਵੀ ਤਿਵਾਰੀ ਦਾ ਤਬਾਦਲਾ
