ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਮ੍ਹਾਖੋਰਾਂ ਖ਼ਿਲਾਫ਼ ਐਕਸ਼ਨ ਲੈਣ ਦੇ ਨਿਰਦੇਸ਼; ਛਾਪੇਮਾਰੀ ਲਈ ਟੀਮਾਂ ਗਠਿਤ
ਚੰਡੀਗੜ੍ਹ, 12 ਮਾਰਚ: ਖਾੜੀ ਯੁੱਧ ਦੇ ਕਾਰਨ ਉਦਯੋਗਾਂ ਅਤੇ ਘਰੇਲੂ ਖਪਤਕਾਰਾਂ ਨੂੰ ਗੈਸ ਸਿਲੰਡਰ ਲੈਣ ’ਚ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ’ਚ ਰੱਖਦੇ ਹੋਏ ਸਰਕਾਰ ਵੱਲੋਂ ਜਮ੍ਹਾਖੋਰਾਂ ਅਤੇ ਬਲੈਕ ’ਚ ਸਿਲੰਡਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਉਦਯੋਗਾਂ ਵੱਲੋਂ ਲਗਾਤਾਰ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਬਣਾਉਟੀ ਕਮੀ ਪੈਦਾ ਕਰਕੇ ਉਨ੍ਹਾਂ ਨੂੰ ਉਦਯੋਗਿਕ ਗੈਸ ਸਿਲੰਡਰ ਮੁਹੱਈਆ ਨਹੀਂ ਕਰਵਾਏ ਜਾ ਰਹੇ, ਜਿਸ ਕਾਰਨ ਫ਼ਰਨੈੱਸ (ਭੱਠੀਆਂ) ਚਲਾਉਣ ’ਚ ਦਿੱਕਤ ਆ ਰਹੀ ਹੈ।
ਇਸੇ ਤਰ੍ਹਾਂ ਘਰੇਲੂ ਖਪਤਕਾਰਾਂ ਦਾ ਦੋਸ਼ ਹੈ ਕਿ ਆਨਲਾਈਨ ਬੁਕਿੰਗ ਦੇ ਬਾਵਜੂਦ ਸਪਲਾਈ ਨਹੀਂ ਮਿਲ ਰਹੀ, ਜਦਕਿ 900 ਰੁਪਏ ਵਾਲਾ ਸਿਲੰਡਰ ਬਲੈਕ ’ਚ 1200 ਤੋਂ 1300 ਰੁਪਏ ਤੱਕ ਵੇਚਿਆ ਜਾ ਰਿਹਾ ਹੈ। ਕੁਝ ਤੇਲ ਕੰਪਨੀਆਂ ਵੱਲੋਂ ਆਨਲਾਈਨ ਬੁਕਿੰਗ ਬੰਦ ਕੀਤੇ ਜਾਣ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ।
ਖਾੜੀ ਯੁੱਧ ਦੇ ਲੰਬਾ ਖਿੱਚਣ ਦੇ ਮੱਦੇਨਜ਼ਰ ਹੁਣ ਸਾਰੇ ਜ਼ਿਲਾ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਤੁਰੰਤ ਐਕਸ਼ਨ ਲੈਣ। ਕੇਂਦਰ ਸਰਕਾਰ ਸਪੱਸ਼ਟ ਕਰ ਚੁੱਕੀ ਹੈ ਕਿ ਦੇਸ਼ ’ਚ ਗੈਸ ਦੀ ਕੋਈ ਕਮੀ ਨਹੀਂ ਹੈ, ਫਿਰ ਵੀ ਖਪਤਕਾਰਾਂ ਨੂੰ ਇਕ-ਇਕ ਹਫ਼ਤੇ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਸਰਕਾਰ ਦੇ ਸਖ਼ਤ ਰੁਖ਼ ਨੂੰ ਦੇਖਦਿਆਂ ਹੁਣ ਸਾਰੇ ਜ਼ਿਲ੍ਹਿਆਂ ’ਚ ਖ਼ੁਰਾਕ ਸਪਲਾਈ ਵਿਭਾਗ ਦੇ ਸਹਿਯੋਗ ਨਾਲ ਛਾਪੇਮਾਰੀ ਲਈ ਵਿਸ਼ੇਸ਼ ਟੀਮਾਂ ਭੇਜੀਆਂ ਜਾ ਰਹੀਆਂ ਹਨ। ਇਸ ਕਾਰਵਾਈ ਕਾਰਨ ਜਮ੍ਹਾਖੋਰਾਂ ’ਚ ਹਫੜਾ-ਦਫੜੀ ਮਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬਲੈਕ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਕੇਸ ਵੀ ਦਰਜ ਕੀਤੇ ਜਾਣਗੇ।
Read More : ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰ ਕੇ ਭਗੌੜੇ ਭੁਵਨੇਸ਼ ਚੋਪੜਾ ਨੂੰ ਵਿਦੇਸ਼ ਤੋਂ ਲਿਆਂਦਾ ਵਾਪਸ
