ਕਪੂਰਥਲਾ ਦੇ ਪਿੰਡ ਸ਼ਿਵ ਦਿਆਲ ਵਾਲਾ ਦੀ ਦਰਦਨਾਕ ਦਾਸਤਾਨ; ਪਤਨੀ ਹੁਣ ਬਣ ਚੁੱਕੀ ਹੈ ਛੋਟੇ ਭਰਾ ਦੀ ਜੀਵਨ ਸਾਥੀ
ਕਪੂਰਥਲਾ, 13 ਅਪ੍ਰੈਲ : ਜ਼ਿਲਾ ਕਪੂਰਥਲਾ ਦੇ ਪਿੰਡ ਸ਼ਿਵ ਦਿਆਲ ਵਾਲਾ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜੋ ਦਿਲ ਨੂੰ ਝੰਜੋੜ ਕੇ ਰੱਖ ਦੇਵੇਗੀ। ਇੱਥੋਂ ਦਾ ਰਹਿਣ ਵਾਲਾ ਹੰਸਾ ਸਿੰਘ, ਜੋ 25 ਸਾਲ ਪਹਿਲਾਂ ਅਚਾਨਕ ਲਾਪਤਾ ਹੋ ਗਿਆ ਸੀ, ਅੱਜ ਜਦੋਂ ਵਾਪਸ ਘਰ ਪਰਤਿਆ ਤਾਂ ਉਸ ਦੀ ਦੁਨੀਆ ਪੂਰੀ ਤਰ੍ਹਾਂ ਬਦਲ ਚੁੱਕੀ ਸੀ।
ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿਣ ਕਾਰਨ ਭਟਕ ਗਏ ਹੰਸਾ ਸਿੰਘ ਨੂੰ ਪਰਿਵਾਰ ਨੇ ਮ੍ਰਿਤਕ ਮੰਨ ਲਿਆ ਸੀ, ਜਿਸ ਕਾਰਨ ਉਸ ਦੀ ਪਤਨੀ ਵਿਮਲਾ ਦੇਵੀ ਦਾ ਵਿਆਹ ਰਿਵਾਜਾਂ ਮੁਤਾਬਕ ਹੰਸਾ ਸਿੰਘ ਦੇ ਹੀ ਛੋਟੇ ਭਰਾ ਸੁਖ ਸਿੰਘ ਨਾਲ ਕਰ ਦਿੱਤਾ ਗਿਆ ਸੀ।
ਕਿਵੇਂ ਮਿਲਿਆ ਹੰਸਾ ਸਿੰਘ?
ਉੱਤਰ ਪ੍ਰਦੇਸ਼ ਦੇ ਨਰਥੌਰ ਪੁਲਿਸ ਦੇ ਥਾਣਾ ਇੰਚਾਰਜ ਰਵਿੰਦਰ ਪ੍ਰਤਾਪ ਸਿੰਘ ਨੂੰ ਇੱਕ ਵਿਅਕਤੀ ਬੁਰੀ ਹਾਲਤ ਵਿੱਚ ਭਟਕਦਾ ਮਿਲਿਆ। ਪੁਲਿਸ ਦੀ 72 ਘੰਟਿਆਂ ਦੀ ਮਿਹਨਤ ਅਤੇ ਪੰਜਾਬ ਪੁਲਿਸ ਨਾਲ ਸੰਪਰਕ ਤੋਂ ਬਾਅਦ ਜਦੋਂ ਪਰਿਵਾਰ ਅਤੇ ਪਿੰਡ ਦੇ ਸਰਪੰਚ ਉੱਥੇ ਪਹੁੰਚੇ, ਤਾਂ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਨ ‘ਤੇ ਹੰਸਾ ਸਿੰਘ ਦੀ ਪਛਾਣ ਹੋ ਗਈ। ਇਹ ਪਲ ਜਿੱਥੇ ਖੁਸ਼ੀ ਭਰਿਆ ਸੀ, ਉੱਥੇ ਹੀ ਇੱਕ ਵੱਡੀ ਸਮਾਜਿਕ ਚੁਣੌਤੀ ਵੀ ਬਣ ਗਿਆ।
ਪਤਨੀ ਸਾਹਮਣੇ ਖੜ੍ਹੀ ਹੋਈ ਵੱਡੀ ਪਹੇਲੀ
ਵਿਮਲਾ ਦੇਵੀ ਹੁਣ ਇੱਕ ਅਜਿਹੇ ਮੋੜ ‘ਤੇ ਹੈ ਜਿੱਥੇ ਇੱਕ ਪਾਸੇ ਉਸ ਦਾ ਪਹਿਲਾ ਪਤੀ ਹੰਸਾ ਸਿੰਘ ਹੈ ਅਤੇ ਦੂਜੇ ਪਾਸੇ ਸੁਖ ਸਿੰਘ, ਜਿਸ ਨੇ 22 ਸਾਲ ਉਸ ਦਾ ਸਾਥ ਨਿਭਾਇਆ ਅਤੇ ਜਿਸ ਤੋਂ ਉਸ ਦੇ ਦੋ ਬੱਚੇ ਵੀ ਹਨ। ਅੰਤ ਵਿੱਚ ਸਮੇਂ ਦੇ ਬਦਲੇ ਹਾਲਾਤਾਂ ਕਾਰਨ ਹੰਸਾ ਸਿੰਘ ਨੂੰ ਉਸ ਦੀ ਪਤਨੀ ਵੱਲੋਂ ਸਵੀਕਾਰ ਨਹੀਂ ਕੀਤਾ ਜਾ ਸਕਿਆ।
ਹੁਣ ਹੰਸਾ ਸਿੰਘ ਆਪਣੇ ਉਨ੍ਹਾਂ ਭਰਾਵਾਂ ਨਾਲ ਰਹਿ ਰਿਹਾ ਹੈ, ਜਿਨ੍ਹਾਂ ਨਾਲ ਕਦੇ ਬਚਪਨ ਗੁਜ਼ਾਰਿਆ ਸੀ। ਨਰਥੌਰ ਪੁਲਿਸ ਵੱਲੋਂ ਦਿਖਾਈ ਗਈ ਇਨਸਾਨੀਅਤ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ, ਜਿਨ੍ਹਾਂ ਨੇ ਇੱਕ ਭਿਖਾਰੀ ਸਮਝੇ ਜਾਣ ਵਾਲੇ ਵਿਅਕਤੀ ਨੂੰ ਨਵੇਂ ਕੱਪੜੇ ਦੇ ਕੇ ਉਸ ਦੇ ਪਰਿਵਾਰ ਨਾਲ ਮਿਲਾਇਆ।
Read More : ਪੰਜਾਬ ‘ਚ 4 ਮਿਲੀਅਨ ਲੋਕਾਂ ਦੇ ਬਣੇ ਸਿਹਤ ਕਾਰਡ; 100% ਕਵਰੇਜ ਦਾ ਟੀਚਾ : ਡਾ. ਬਲਬੀਰ ਸਿੰਘ
