ਪਾਈਪਾਂ ’ਚ ਆਰ. ਡੀ. ਐਕਸ ਭਰ ਕੇ ਧਮਾਕੇ ਕਰਨ ਦਾ ਦਾਅਵਾ, ਕੇਰਲ ਦੇ ਮੁੱਖ ਮੰਤਰੀ ਅਤੇ ਸਾਬਕਾ ਚੀਫ਼ ਜਸਟਿਸ ਦੇ ਨਾਂ ’ਤੇ ਭੇਜੀ ਈਮੇਲ
ਅੰਮ੍ਰਿਤਸਰ, 16 ਜੁਲਾਈ :-ਸ੍ਰੀ ਹਰਿਮੰਦਰ ਸਾਹਿਬ ਨੂੰ ਲਗਾਤਾਰ ਤੀਜੇ ਦਿਨ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰਤ ਈਮੇਲ ’ਤੇ ਭੇਜੀ ਗਈ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਾੲੀਪਾਂ ਵਿਚ ਆਰ. ਡੀ. ਐਕਸ ਭਰ ਕੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਧਮਾਕੇ ਕੀਤੇ ਜਾਣਗੇ।
ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਈਮੇਲ ਵਿਚ ਲਿਖੇ ਸ਼ਬਦਾਂ ਨੂੰ ਜਨਤਕ ਨਹੀਂ ਕੀਤਾ ਗਿਆ ਹੈ ਪਰ ਦੂਜੇ ਪਾਸੇ ਅੰਮ੍ਰਿਤਸਰ ਪੁਲਸ ਹਾਈ ਅਲਰਟ ’ਤੇ ਹੈ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਨਿਗਰਾਨੀ ਹੇਠ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੰਜਾਬ ਪੁਲਸ, ਬੀ. ਐੱਸ. ਐੱਫ. ਅਤੇ ਕਮਾਂਡੋ ਫੋਰਸ ਨੇ ਸੰਭਾਲੀ ਸੁਰੱਖਿਆ ਦੀ ਕਮਾਨ : ਸ੍ਰੀ ਹਰਿਮੰਦਰ ਸਾਹਿਬ ਨੂੰ ਲਗਾਤਾਰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਤੋਂ ਬਾਅਦ ਪੰਜਾਬ ਪੁਲਸ, ਸੀਮਾ ਸੁਰੱਖਿਆ ਬਲ ਅਤੇ ਕਮਾਂਡੋ ਫੋਰਸ ਪੂਰੀ ਤਰ੍ਹਾਂ ਹਾਈ ਅਲਰਟ ’ਤੇ ਹਨ। ਇਕ ਪਾਸੇ ਗੁਰਦੁਆਰਾ ਸਾਹਿਬ ਦੇ ਪ੍ਰਵੇਸ਼ ਅਤੇ ਨਿਕਾਸ ਦਰਵਾਜ਼ਿਆਂ ’ਤੇ ਸੁਰੱਖਿਆ ਬਲਾਂ ਦੇ ਨਾਲ-ਨਾਲ ਡੌਗ ਸਕੁਐਡ ਵੀ ਤਾਇਨਾਤ ਕੀਤੇ ਗਏ ਹਨ, ਜਦਕਿ ਦੂਜੇ ਪਾਸੇ ਪੂਰੇ ਗਲਿਆਰੇ ਖੇਤਰ ਵਿਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਆਉਣ-ਜਾਣ ਵਾਲੇ ਹਰ ਵਿਅਕਤੀ ਅਤੇ ਵਸਤੂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ 15 ਜੁਲਾਈ ਨੂੰ ਕੇਰਲ ਦੇ ਮੁੱਖ ਮੰਤਰੀ ਅਤੇ ਸਾਬਕਾ ਜਸਟਿਸ ਦੀ ਜਾਅਲੀ ਆਈ. ਡੀ ਤੋਂ ਦੂਜੀ ਈਮੇਲ ਭੇਜੀ ਗਈ ਸੀ। ਅੱਜ ਸਵੇਰੇ ਆਸਿਫ਼ ਕਪੂਰ ਨਾਮ ਦੇ ਈਮੇਲ ਪਤੇ ਤੋਂ ਇੱਕ ਹੋਰ ਈਮੇਲ ਆਈ ਹੈ। ਇਹ ਈਮੇਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਭੇਜੀ ਗਈ ਹੈ।
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀਆਂ ਈਮੇਲਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਪੁਲਸ ਇਸ ਮਾਮਲੇ ਨੂੰ ਜਲਦੀ ਹੀ ਹੱਲ ਕਰੇਗੀ ਅਤੇ ਦੂਜੇ ਪਾਸੇ ਸਖ਼ਤ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਹਨ।
Read More : ਵਿਜੀਲੈਂਸ ਵੱਲੋਂ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ਤੇ ਦਫਤਰ ਵਿਚ ਮੁੜ ਛਾਪੇਮਾਰੀ