ਕ੍ਰੰਜੀ ਜੰਗੀ ਮੈਮੋਰੀਅਲ ਵਿਖੇ 7 ਦੇਸ਼ਾਂ ਦੇ ਹਾਈ ਕਮਿਸ਼ਨਰਾਂ ਨੇ ਦਿੱਤੀ ਸ਼ਰਧਾਂਜਲੀ; ਗੁਰਦੁਆਰਾ ਸਾਹਿਬ ਦੀ ਸ਼ਤਾਬਦੀ ਦੇ ਜਸ਼ਨ ਵੀ ਮਨਾਏ
ਸਿੰਗਾਪੁਰ, 8 ਫਰਵਰੀ : ਸਿੰਗਾਪੁਰ ਦੇ ਇਕ ਮੰਤਰੀ ਅਤੇ ਭਾਰਤ ਸਮੇਤ ਸੱਤ ਰਾਸ਼ਟਰਮੰਡਲ ਦੇਸ਼ਾਂ ਦੇ ਹਾਈ ਕਮਿਸ਼ਨਰਾਂ ਨੇ ਦੂਜੀ ਵਿਸ਼ਵ ਜੰਗ ਦੌਰਾਨ ਸਿੰਗਾਪੁਰ-ਮਲਾਇਆ ਦੀ ਰੱਖਿਆ ਕਰਦਿਆਂ ਸ਼ਹੀਦੀਆਂ ਦੇਣ ਵਾਲੇ ਸਿੱਖ ਫ਼ੌਜੀਆਂ ਨੂੰ ਯਾਦ ਕਰਨ ਲਈ ਐਤਵਾਰ ਨੂੰ ਇਕ ਵਿਸ਼ੇਸ਼ ‘ਮੈਮੋਰੀਅਲ ਸਰਵਿਸ’ ਵਿੱਚ ਸ਼ਿਰਕਤ ਕੀਤੀ।
ਕ੍ਰੰਜੀ ਜੰਗੀ ਮੈਮੋਰੀਅਲ ਵਿਖੇ ਹੋਏ ਇਸ ਸਮਾਗਮ ਦੌਰਾਨ ਉਸ ਸਮੇਂ ਦੇ ਅਣਵੰਡੇ ਪੰਜਾਬ ਤੋਂ ਭਰਤੀ ਕੀਤੇ ਗਏ 3,318 ਸ਼ਹੀਦ ਸਿੱਖ ਫ਼ੌਜੀਆਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕੀਤਾ ਗਿਆ, ਜਿਨ੍ਹਾਂ ਨੇ ਜਾਪਾਨੀ ਫ਼ੌਜਾਂ ਵਿਰੁੱਧ ਲੜਦਿਆਂ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ।
ਸੀਨੀਅਰ ਰਾਜ ਮੰਤਰੀ ਮੁਰਲੀ ਪਿੱਲਈ ਨੇ ਭਾਈਚਾਰੇ ਦੇ ਲਗਭਗ 400 ਮੈਂਬਰਾਂ ਨਾਲ ਮਿਲ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਹ ਸਮਾਗਮ ਪੂਰਬੀ ਤੱਟ ’ਤੇ ਸਥਿਤ ਗੁਰਦੁਆਰਾ ਸਾਹਿਬ ਦੇ 100 ਸਾਲ ਪੂਰੇ ਹੋਣ ਦੇ ਜਸ਼ਨਾਂ ਦਾ ਵੀ ਹਿੱਸਾ ਸੀ।
7 ਦੇਸ਼ਾਂ ਦੇ ਨੁਮਾਇੰਦਿਆਂ ਨੇ ਭੇਟ ਕੀਤੀਆਂ ਫੁੱਲ ਮਾਲਾਵਾਂ
ਬਰਤਾਨੀਆ, ਆਸਟਰੇਲੀਆ, ਮਲੇਸ਼ੀਆ, ਭਾਰਤ, ਨਿਊਜ਼ੀਲੈਂਡ, ਕੈਨੇਡਾ ਅਤੇ ਪਾਕਿਸਤਾਨ ਦੇ ਹਾਈ ਕਮਿਸ਼ਨਰਾਂ ਨੇ ਕ੍ਰੰਜੀ ਵਾਰ ਮੈਮੋਰੀਅਲ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਸਿੰਗਾਪੁਰ ’ਚ ਭਾਰਤੀ ਹਾਈ ਕਮਿਸ਼ਨਰ ਸ਼ਿਲਪਕ ਅੰਬੁਲੇ ਨੇ ਇਸ ਨੂੰ ‘ਬਹੁਤ ਹੀ ਯਾਦਗਾਰੀ ਅਤੇ ਮਹੱਤਵਪੂਰਨ ਘਟਨਾ’ ਦੱਸਦਿਆਂ ਭਾਰਤੀ ਭਾਈਚਾਰੇ ਦੇ ਯੋਗਦਾਨ ਦਾ ਜ਼ਿਕਰ ਕੀਤਾ।
ਗੁਰਦੁਆਰਾ ਸਾਹਿਬ ਦੀ ਸ਼ਤਾਬਦੀ ਦੇ ਜਸ਼ਨ
ਪ੍ਰਦੇਸ਼ ਖ਼ਾਲਸਾ ਧਰਮ ਦੀਵਾਨ (ਪੀ.ਕੇ.ਡੀ.ਡੀ.) ਦੇ ਸਕੱਤਰ ਰਵਿੰਦਰਪਾਲ ਸਿੰਘ ਨੇ ਕਿਹਾ ਕਿ ਸਿੱਖ ਫ਼ੌਜੀਆਂ ਦਾ ਯੋਗਦਾਨ ਵਿਸ਼ਵ ਇਤਿਹਾਸ ਦਾ ਇਕ ਸਥਾਈ ਅਧਿਆਇ ਹੈ। ਇਸ ਸਾਲ ਗੁਰਦੁਆਰਾ ਸਾਹਿਬ ਦੀ ਸ਼ਤਾਬਦੀ ਕਾਰਨ ਇਸ ਸਮਾਗਮ ਨੂੰ ਵੱਡੇ ਪੱਧਰ ’ਤੇ ਉਲੀਕਿਆ ਗਿਆ ਸੀ, ਜਿਸ ਵਿੱਚ ਗੱਤਕਾ, ਸਿੱਖ ਮਾਰਸ਼ਲ ਆਰਟ ਅਤੇ ਸਿੱਖ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਖ਼ਾਸ ਖਿੱਚ ਦਾ ਕੇਂਦਰ ਰਹੀ।
ਮ੍ਰਿਤਕ ਫ਼ੌਜੀਆਂ ਦੇ ਸਨਮਾਨ ਵਿੱਚ ‘ਲਾਸਟ ਪੋਸਟ’ ਦਾ ਬਿਗਲ ਵੀ ਵਜਾਇਆ ਗਿਆ। ਸ਼ਹਿਰ ਵਿੱਚ ਰਹਿੰਦੇ 13,000 ਸਿੱਖਾਂ ਅਤੇ ਸੱਤ ਗੁਰਦੁਆਰਿਆਂ ਵੱਲੋਂ ਮਾਨਵਤਾ ਦੀ ਸੇਵਾ ਅਤੇ ਲੰਗਰ ਦੀ ਪ੍ਰਥਾ ਨੂੰ ਨਿਰੰਤਰ ਜਾਰੀ ਰੱਖਣ ’ਤੇ ਵੀ ਜ਼ੋਰ ਦਿੱਤਾ ਗਿਆ।
Read More : ਪੁਰਤਗਾਲ ਗਏ ਪੰਜਾਬੀ ਨੌਜਵਾਨ ਦੀ ਭੇਤਭਰੀ ਹਾਲਤ ’ਚ ਮੌਤ
