ਬਠਿੰਡਾ, 6 ਮਾਰਚ : ਬਠਿੰਡਾ ਦੇ ਜੋਗੀ ਨਗਰ ਇਲਾਕੇ ਵਿਚ ਬੀਤੀ ਸ਼ਾਮ ਉਸ ਵੇਲੇ ਭਾਰੀ ਦਹਿਸ਼ਤ ਫੈਲ ਗਈ, ਜਦੋਂ ਇੱਕ ਫ਼ੌਜੀ ਨੌਜਵਾਨ ਨੇ ਘਰੇਲੂ ਵਿਵਾਦ ਦੌਰਾਨ ਆਪਣੇ ਹੀ ਮਾਪਿਆਂ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਹ ਖ਼ੂਨੀ ਘਟਨਾ ਜੋਗੀ ਨਗਰ ਦੀ ਗਲੀ ਨੰਬਰ 5/5 ਵਿੱਚ ਵਾਪਰੀ, ਜਿੱਥੇ ਛੁੱਟੀ ‘ਤੇ ਆਏ ਫ਼ੌਜੀ ਹਰਪ੍ਰੀਤ ਸਿੰਘ ਨੇ ਗੁੱਸੇ ਵਿੱਚ ਆ ਕੇ ਆਪਣੀ ਲਾਇਸੈਂਸੀ ਬੰਦੂਕ ਨਾਲ ਪਿਤਾ ਨੂੰ ਗੋਲੀ ਮਾਰ ਦਿੱਤੀ ਅਤੇ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।
ਮੁਲਜ਼ਮ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਭਾਰਤੀ ਫ਼ੌਜ ਵਿੱਚ ਕਾਂਸਟੇਬਲ ਦੇ ਅਹੁਦੇ ‘ਤੇ ਤਾਇਨਾਤ ਹੈ। ਮਿਲੀ ਜਾਣਕਾਰੀ ਅਨੁਸਾਰ ਹਰਪ੍ਰੀਤ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ ਅਤੇ ਉਸ ਦਾ ਇਲਾਜ ਵੀ ਚੱਲ ਰਿਹਾ ਸੀ। ਗੁਆਂਢੀਆਂ ਅਨੁਸਾਰ ਘਰ ਵਿੱਚ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਕਹਾਸੁਨੀ ਹੋਈ ਸੀ, ਜੋ ਹੌਲੀ-ਹੌਲੀ ਗੰਭੀਰ ਝਗੜੇ ਵਿੱਚ ਬਦਲ ਗਈ।
ਗੁੱਸੇ ਵਿੱਚ ਆ ਕੇ ਹਰਪ੍ਰੀਤ ਨੇ ਪਹਿਲਾਂ ਆਪਣੇ ਪਿਤਾ ਦਲਜੀਤ ਸਿੰਘ ਦੇ ਸਿਰ ‘ਤੇ ਕਿਸੇ ਭਾਰੀ ਚੀਜ਼ ਨਾਲ ਵਾਰ ਕੀਤਾ ਅਤੇ ਫਿਰ ਲਾਇਸੈਂਸੀ ਬੰਦੂਕ ਨਾਲ ਫਾਇਰਿੰਗ ਕਰ ਦਿੱਤੀ। ਗੋਲੀ ਪਿਤਾ ਦੇ ਮੋਢੇ ‘ਤੇ ਲੱਗੀ, ਜਿਸ ਕਾਰਨ ਉਹ ਲਹੂ-ਲੁਹਾਣ ਹੋ ਕੇ ਡਿੱਗ ਪਏ।
ਗੰਭੀਰ ਜ਼ਖ਼ਮੀ ਦਲਜੀਤ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ। ਇਸ ਦੌਰਾਨ ਮੁਲਜ਼ਮ ਨੇ ਆਪਣੀ ਮਾਂ ਪਰਮਜੀਤ ਕੌਰ ਦੀ ਵੀ ਕੁੱਟਮਾਰ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਵੀ ਸਰੀਰਕ ਸੱਟਾਂ ਆਈਆਂ ਹਨ। ਘਰੋਂ ਚੀਖਾਂ ਸੁਣ ਕੇ ਇਕੱਠੇ ਹੋਏ ਇਲਾਕਾ ਨਿਵਾਸੀਆਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।
ਸੂਚਨਾ ਮਿਲਦੇ ਹੀ ਥਾਣਾ ਕੈਨਾਲ ਕਾਲੋਨੀ ਦੇ ਐੱਸਐੱਚਓ ਹਰਜੋਤ ਸਿੰਘ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਵਾਰਦਾਤ ਵਿੱਚ ਵਰਤਿਆ ਹਥਿਆਰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮੁਲਜ਼ਮ ਹਰਪ੍ਰੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਵਿੱਚ ਮੁਲਜ਼ਮ ਦੀ ਮਾਨਸਿਕ ਹਾਲਤ ਦਾ ਸਥਿਰ ਨਾ ਹੋਣਾ ਹੀ ਵਾਰਦਾਤ ਦੀ ਮੁੱਖ ਵਜ੍ਹਾ ਜਾਪਦੀ ਹੈ। ਪੁਲਿਸ ਵੱਲੋਂ ਮਾਪਿਆਂ ਦੇ ਬਿਆਨਾਂ ਅਤੇ ਮੈਡੀਕਲ ਰਿਪੋਰਟ ਦੇ ਅਧਾਰ ‘ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।:
Read More : ਬਾਘਾ ਪੁਰਾਣਾ ‘ਚ ‘ਆਪ’ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ
