ਐੱਸ.ਐੱਮ.ਓ. ਤੇ ਕਲਰਕ ਆਡਿਟ ਦੇ ਨਾਂ ’ਤੇ ਰਿਸ਼ਵਤ ਲੈਂਦੇ ਕਾਬੂ 2 ਲੱਖ ਰੁਪਏ ਬਰਾਮਦ

ਚੰਡੀਗੜ੍ਹ, 31 ਜਨਵਰੀ : ਸਿੱਧਵਾਂ ਬੇਟ ਦੇ ਸਰਕਾਰੀ ਹਸਪਤਾਲ ’ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਵਿਜੀਲੈਂਸ ਟੀਮ ਨੇ ਛਾਪੇਮਾਰੀ ਕਰ ਕੇ ਐੱਸ.ਐੱਮ.ਓ. ਤੇ ਇਕ ਸੀਨੀਅਰ ਸਹਾਇਕ ਕਲਰਕ ਨੂੰ ਆਡਿਟ ਦੇ ਨਾਂ ’ਤੇ ਰਿਸ਼ਵਤ ਲੈਣ ਦੇ ਦੋਸ਼ ’ਚ ਰੰਗੇ ਹੱਥੀਂ ਫੜ ਲਿਆ।

ਰਿਪੋਰਟਾਂ ਅਨੁਸਾਰ ਸਿੱਧਵਾਂ ਬੇਟ ਹਸਪਤਾਲ ਦੇ ਐੱਸ.ਐੱਮ.ਓ. ਹਰਕੀਰਤ ਗਿੱਲ ’ਤੇ ਆਡਿਟ ਦੇ ਨਾਂ ’ਤੇ ਹਸਪਤਾਲ ਦੇ ਅਧਿਕਾਰ ਖੇਤਰ ਅਧੀਨ ਲਗਭਗ 25 ਡਿਸਪੈਂਸਰੀਆਂ ਸਮੇਤ ਸਥਾਨਕ ਹਸਪਤਾਲ ’ਚ ਤਾਇਨਾਤ ਲਗਭਗ 50 ਕਰਮਚਾਰੀਆਂ ਤੋਂ ਗੈਰ-ਕਾਨੂੰਨੀ ਤੌਰ ’ਤੇ ਪੈਸੇ ਵਸੂਲਣ ਦਾ ਦੋਸ਼ ਹੈ।

ਜਾਣਕਾਰੀ ਮੁਤਾਬਕ ਸਿਹਤ ਮਹਿਕਮੇ ’ਚ ਡਿਊਟੀ ਕਰਦੇ ਰੈਗੂਲਰ ਅਤੇ ਠੇਕਾ ਮੁਲਾਜ਼ਮਾਂ ਤੋਂ 2500 ਤੋਂ ਲੈ ਕੇ 6,000 ਰੁਪਏ ਤਕ ਆਡਿਟ ਟੀਮ ਨੂੰ ਬਤੌਰ ਰਿਸ਼ਵਤ ਦੇਣ ਲਈ ਮੰਗੇ ਗਏ। ਸੂਤਰਾਂ ਅਨੁਸਾਰ ਸਾਰੇ ਮੁਲਾਜ਼ਮਾਂ ਕੋਲੋਂ ਲੰਘੇ ਸਾਲ ਦੇ ਰਿਕਾਰਡ ਦਾ ਆਡਿਟ ਕਰਨ ਲਈ ਰਕਮ ਇਕੱਠੀ ਕੀਤੀ ਜਾ ਰਹੀ ਸੀ।

ਦੱਸਿਆ ਜਾ ਰਿਹਾ ਹੈ ਕਿ ਇਸ ਨਾਜਾਇਜ਼ ਵਸੂਲੀ ਤੋਂ ਪ੍ਰੇਸ਼ਾਨ ਇਕ ਮੁਲਾਜ਼ਮ ਨੇ ਪਿੰਡ ਦੀ ਸਰਪੰਚ ਦੇ ਪਤੀ ਬਲਕਾਰ ਸਿੰਘ ਸਿੱਧੂ ਨਾਲ ਸੰਪਰਕ ਕੀਤਾ ਅਤੇ ਮਾਮਲੇ ਦੀ ਜਾਣਕਾਰੀ ਦਿੱਤੀ। ਇਸ ਸਬੰਧੀ ਸੂਚਨਾ ਵਿਜੀਲੈਂਸ ਲੁਧਿਆਣਾ ਦੀ ਟੀਮ ਨੂੰ ਦਿੱਤੀ ਗਈ ਤੇ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ।

ਵਿਜੀਲੈਂਸ ਟੀਮ ਨੇ ਪਾਊਡਰ ਲੱਗੇ ਪੈਸੇ ਉਕਤ ਮੁਲਾਜ਼ਮਾਂ ਕੋਲ ਸ਼ਿਕਾਇਤਕਰਤਾ ਹੈਲਥ ਵਰਕਰ ਮਨਦੀਪ ਸਿੰਘ ਰਾਹੀਂ ਭੇਜੇ ਤੇ ਜਿਵੇਂ ਹੀ ਸੀਨੀਅਰ ਸਹਾਇਕ ਕਲਰਕ ਸਤਵਿੰਦਰ ਸਿੰਘ ਤੇ ਐੱਸ.ਐੱਮ.ਓ. ਡਾ. ਹਰਕੀਰਤ ਗਿੱਲ ਨੇ ਮਨਦੀਪ ਸਿੰਘ ਕੋਲੋਂ 32 ਹਜ਼ਾਰ ਰੁਪਏ ਬਤੌਰ ਰਿਸ਼ਵਤ ਹਾਸਲ ਕੀਤੇ ਤਾਂ ਵਿਜੀਲੈਂਸ ਨੇ ਉਨ੍ਹਾਂ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਰੰਗੇ ਹੱਥੀਂ ਕਾਬੂ ਕਰ ਲਿਆ।

ਚੈਕਿੰਗ ਦੌਰਾਨ ਐੱਸ.ਐੱਮ.ਓ. ਦੇ ਪਰਸ ’ਚੋਂ 1,04,500 ਰੁਪਏ ਅਤੇ ਸੀਨੀਅਰ ਸਹਾਇਕ ਕਲਰਕ ਤੋਂ 1,07,000 ਰੁਪਏ ਬਰਾਮਦ ਹੋਏ। ਇਸ ਸਬੰਧੀ ਥਾਣਾ ਵਿਜੀਲੈਂਸ ਬਿਊਰੋ, ਆਰਥਿਕ ਕ੍ਰਾਈਮ ਬਰਾਂਚ ਲੁਧਿਆਣਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।

Read More : ਜਲੰਧਰ ਜ਼ਿਲ੍ਹੇ ਵਿੱਚ ਬਣੇਗਾ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਸੈਂਟਰ : ਹਰਪਾਲ ਚੀਮਾ

Leave a Reply

Your email address will not be published. Required fields are marked *