ਅਗਲੇ 2-3 ਦਿਨਾਂ ‘ਚ ਵੰਡ ਸ਼ੁਰੂ; 1.5 ਕਰੋੜ ਲਾਭਪਾਤਰੀਆਂ ਨੂੰ ਮਿਲੇਗੀ ਵੱਡੀ ਰਾਹਤ
ਲੁਧਿਆਣਾ, 2 ਅਪ੍ਰੈਲ : ਪੰਜਾਬ ਸਰਕਾਰ ਵੱਲੋਂ ਰਾਸ਼ਨ ਵੰਡ ਪ੍ਰਣਾਲੀ ਨੂੰ ਵਧੇਰੇ ਪਾਰਦਰਸ਼ੀ ਅਤੇ ਸੁਖਾਲਾ ਬਣਾਉਣ ਲਈ ਅਗਲੇ ਦੋ ਤੋਂ ਤਿੰਨ ਦਿਨਾਂ ਵਿੱਚ ਪੜਾਅਵਾਰ ਸਮਾਰਟ ਰਾਸ਼ਨ ਕਾਰਡ ਵੰਡਣ ਦੀ ਤਿਆਰੀ ਕਰ ਲਈ ਗਈ ਹੈ। ਇਸ ਪਹਿਲਕਦਮੀ ਨਾਲ ਸੂਬੇ ਦੇ ਕਰੀਬ 39 ਲੱਖ ਰਾਸ਼ਨ ਕਾਰਡਾਂ ਨਾਲ ਜੁੜੇ 1.5 ਕਰੋੜ ਲਾਭਪਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ।
ਇਹ ਕਦਮ ਖਾਸ ਤੌਰ ‘ਤੇ ਉਨ੍ਹਾਂ ਬਜ਼ੁਰਗਾਂ ਅਤੇ ਮਜ਼ਦੂਰਾਂ ਲਈ ਅਹਿਮ ਹੈ, ਜਿਨ੍ਹਾਂ ਨੂੰ ਈ-ਕੇਵਾਈਸੀ (e-KYC) ਅਤੇ ਬਾਇਓਮੈਟ੍ਰਿਕ ਪ੍ਰਮਾਣਿਕਤਾ ਦੌਰਾਨ ਫਿੰਗਰਪ੍ਰਿੰਟ ਮੇਲ ਨਾ ਖਾਣ ਜਾਂ ਤਕਨੀਕੀ ਖ਼ਰਾਬੀ ਕਾਰਨ ਰਾਸ਼ਨ ਲੈਣ ਵਿੱਚ ਦਿੱਕਤ ਆ ਰਹੀ ਸੀ। ਲੁਧਿਆਣਾ ਪੱਛਮੀ ਦੇ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਸਰਤਾਜ ਸਿੰਘ ਚੀਮਾ ਨੇ ਦੱਸਿਆ ਕਿ ਸਮਾਰਟ ਕਾਰਡ ਹੁਣ ਲਾਭਪਾਤਰੀਆਂ ਲਈ ਇੱਕ ਵੈਧ ਪਛਾਣ ਵਜੋਂ ਕੰਮ ਕਰਨਗੇ, ਤਾਂ ਜੋ ਕੋਈ ਵੀ ਯੋਗ ਪਰਿਵਾਰ ਰਾਸ਼ਨ ਤੋਂ ਵਾਂਝਾ ਨਾ ਰਹੇ।
ਇਨ੍ਹਾਂ ਸਮਾਰਟ ਕਾਰਡਾਂ ਵਿੱਚ ਲਾਭਪਾਤਰੀ ਦੀ ਸ਼੍ਰੇਣੀ, ਰਾਸ਼ਨ ਕਾਰਡ ਨੰਬਰ ਅਤੇ ਪਰਿਵਾਰ ਦੇ ਮੁਖੀ ਦੇ ਵੇਰਵੇ ਦਰਜ ਹੋਣਗੇ, ਜਿਸ ਨਾਲ ਕਣਕ ਦੀ ਵੰਡ ਦੌਰਾਨ ਪਛਾਣ ਦੀ ਪ੍ਰਕਿਰਿਆ ਤੇਜ਼ ਅਤੇ ਭਰੋਸੇਯੋਗ ਹੋਵੇਗੀ। ਇਹ ਵੰਡ ਸੂਬੇ ਦੇ ਡਿਪੂ ਨੈੱਟਵਰਕ ਰਾਹੀਂ ਕੀਤੀ ਜਾਵੇਗੀ, ਜਿਸ ਨਾਲ ਜਨਤਕ ਵੰਡ ਪ੍ਰਣਾਲੀ (PDS) ਦੀਆਂ ਖਾਮੀਆਂ ਦੂਰ ਹੋਣ ਦੀ ਉਮੀਦ ਹੈ।
Read More : ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੂੰ ਲਿਖੀ ਚਿੱਠੀ
