5 ਮਾਰਚ ਨੂੰ ਚੰਡੀਗੜ੍ਹ ਵੱਲ ਕੂਚ ਕਰਨਗੇ ਕਿਸਾਨ
ਚੰਡੀਗੜ੍ਹ : SKM ਦੇ ਕਿਸਾਨ ਆਗੂਆਂ ਅਤੇ ਪੰਜਾਬ ਦੇ CM ਭਗਵੰਤ ਸਿੰਘ ਮਾਨ ਵਿਚਾਲੇ ਮੀਟਿੰਗ ਹੋਈ ਪਰ ਇਸ ਮੀਟਿੰਗ ਵਿਚ ਗੱਲ ਨਹੀਂ ਬਣ ਸਕੀ ਅਤੇ ਇਹ ਮੀਟਿੰਗ ਬੇਸਿੱਟਾ ਰਹੀ। ਯਾਨੀ ਸਰਕਾਰ ਅਤੇ ਕਿਸਾਨਾਂ ਵਿਚਾਲੇ ਕੋਈ ਸਹਿਮਤੀ ਨਹੀ ਬਣੀ। ਇਸ ਤੋਂ ਬਾਅਦ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਮੀਡੀਆ ਸਾਹਮਣੇ ਦੱਸਿਆ ਕਿ ਮੁੱਖ ਮੰਤਰੀ ਨੂੰ ਕਿਸੇ ਗੱਲ ਉੱਤੇ ਗ਼ੁੱਸਾ ਆ ਗਿਆ ਤੇ ਧਰਨੇ ਦੀ ਗੱਲ ਉੱਤੇ ਕਿਹਾ ਕਿ ਜੋ ਕਰਨਾ ਕਰ ਲਵੋ। ਇਸ ਤੋਂ ਬਾਅਦ ਕਿਸਾਨਾਂ ਨੇ ਕਿਹਾ ਕਿ ਉਹ ਹੁਣ 5 ਮਾਰਚ ਨੂੰ ਚੰਡੀਗੜ੍ਹ ਵੱਲ ਕੂਚ ਕਰਨਗੇ।
ਇਸ ਮੌਕੇ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਅੱਧੀਆਂ ਮੰਗਾਂ ਬਾਬਤ ਚਰਚਾ ਹੋ ਗਈ ਸੀ ਅਤੇ ਇਸ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਧਰਨੇ ਨਾ ਲਾਇਆ ਕਰੋ ਤੇ ਆਪਣੇ 5 ਮਾਰਚ ਵਾਲੇ ਪ੍ਰੋਗਰਾਮ ਬਾਰੇ ਦੱਸੋ, ਜਿਸ ਤੋਂ ਬਾਅਦ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਪ੍ਰੋਗਰਾਮ ਉਲੀਕਿਆ ਹੋਇਆ ਹੈ ਤੇ ਮੰਗਾਂ ਉੱਤੇ ਚਰਚਾ ਹੋਣ ਬਾਅਦ ਹੀ ਇਸ ਬਾਰੇ ਕੋਈ ਫੈਸਲਾ ਲਿਆ ਜਾਵੇਗਾ ਇਸ ਤੋਂ ਬਾਅਦ ਮੁੱਖ ਮੰਤਰੀ ਮੀਟਿੰਗ ਛੱਡਕੇ ਚਲੇ ਗਏ। ਉਹ ਕਹਿ ਗਏ ਕਿ ਜੇ ਹੁਣ ਉਹ 5 ਮਾਰਚ ਵਾਲਾ ਮਾਰਚ ਕਰਨਗੇ ਤਾਂ ਮੰਗੀਆਂ ਹੋਈਆਂ ਮੰਗਾਂ ਵੀ ਰੱਦ ਕਰ ਦਿੱਤੀਆਂ ਜਾਣਗੀਆਂ।
ਇਸ ਮੌਕੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉੱਚੇ ਅਹੁਦੇ ਉੱਤੇ ਬੈਠਾ ਬੰਦਾ ਇਹ ਕਹਿ ਦੇਵੇ ਕਿ 5 ਤਾਰੀਕ ਨੂੰ ਜੋ ਕਰਨਾ ਕਰ ਲਵੋ, ਜੋ ਮੰਗਾਂ ਪਹਿਲਾਂ ਮੰਗੀਆਂ ਨੇ ਉਹ ਵੀ ਰੱਦ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ 5 ਮਾਰਚ ਵਾਲਾ ਉਨ੍ਹਾਂ ਦਾ ਮੋਰਚਾ ਪੱਕਾ ਹੈ ਉਹ ਪ੍ਰਦਰਸ਼ਨ ਜ਼ਰੂਰ ਕਰਨਗੇ। ਇਹ ਹੁਣ ਸਰਕਾਰ ਦਾ ਕਿ ਉਨ੍ਹਾਂ ਨੂੰ ਚੰਡੀਗੜ੍ਹ ਆਉਣ ਦਿੰਦੀ ਹੈ ਜਾਂ ਫਿਰ ਰਾਹ ਵਿੱਚ ਰੋਕਦੀ ਹੈ ਜਾਂ ਘਰਾਂ ਤੋਂ ਹੀ ਗ੍ਰਿਫ਼ਤਾਰ ਕਰੇਗੀ ਪਰ ਉਨ੍ਹਾਂ ਦੀ ਤਿਆਰੀ ਪੂਰੀ ਹੈ।
