ਘੱਗਰ ਦਰਿਆ ਸਬੰਧੀ ਸਥਿਤੀ ਪੂਰੀ ਤਰ੍ਹਾਂ ਕਾਬੂ ’ਚ : ਹਰਪਾਲ ਚੀਮਾ

ਦਰਿਆ ’ਚ ਪਾਣੀ ਦਾ ਪੱਧਰ 744.3 ਫੁੱਟ ; 748 ਫੁੱਟ ਹੈ ਖ਼ਤਰੇ ਦਾ ਨਿਸ਼ਾਨ

ਜ਼ਿਲੇ ਦੇ ਪਿੰਡ ਸਤੌਜ, ਹਰਿਆਊ, ਡਸਕਾ ਤੇ ਸੰਗਤਪੁਰਾ ’ਚ ਜ਼ਿਲਾ ਪ੍ਰਸ਼ਾਸਨ ਦੀਆਂ ਟੀਮਾਂ ਸਰਗਰਮ

ਸੰਗਰੂਰ, 28 ਅਗਸਤ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਰੀ ਮੀਂਹ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜ਼ਿਲੇ ’ਚ ਘੱਗਰ ਦਰਿਆ ਸਬੰਧੀ ਹਾਲਾਤ ਕਾਬੂ ਵਿਚ ਹਨ। ਇਸ ਵੇਲੇ ਘੱਗਰ ’ਚ ਪਾਣੀ ਦਾ ਪੱਧਰ ਪੱਧਰ 744.3 ਫੁੱਟ ਹੈ, ਜਦਕਿ ਖ਼ਤਰੇ ਦਾ ਨਿਸ਼ਾਨ 748 ਫੁੱਟ ’ਤੇ ਹੈ।
ਰਾਹਤ ਵਾਲੀ ਗੱਲ ਇਹ ਹੈ ਕਿ ਘੱਗਰ ’ਚ ਆਉਣ ਵਾਲੇ ਪਾਣੀ ਦਾ ਵਹਾਅ ਪਿੱਛੇ ਘਟ ਗਿਆ ਹੈ ਤੇ ਅਗਲੇ 20 ਘੰਟਿਆਂ ’ਚ ਘੱਗਰ ਵਿਚਲੇ ਪਾਣੀ ਦਾ ਪੱਧਰ ਹੋਰ ਵੀ ਘਟੇਗਾ। ਇਸ ਕਰ ਕੇ ਲੋਕਾਂ ਨੂੰ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈ।

ਮੰਤਰੀ ਚੀਮਾ ਨੇ ਦੱਸਿਆ ਕਿ ਜ਼ਿਲੇ ਦੇ ਪਿੰਡ ਸਤੌਜ, ਹਰਿਆਊ, ਡਸਕਾ ਤੇ ਸੰਗਤਪੁਰਾ, ਜਿਨ੍ਹਾਂ ’ਚ ਭਾਰੀ ਮੀਂਹ ਕਾਰਨ ਦਿੱਕਤਾਂ ਆਈਆਂ ਹਨ, ਵਿਚ ਜ਼ਿਲਾ ਪ੍ਰਸ਼ਾਸਨ ਦੀਆਂ ਟੀਮਾਂ ਸਰਗਰਮ ਹਨ। ਭਾਰੀ ਮੀਂਹ ਕਾਰਨ ਹੋਏ ਨੁਕਸਾਨ ਦਾ ਲੋਕਾਂ ਨੂੰ ਵਿਸ਼ੇਸ਼ ਗਿਰਦਾਵਰੀ ਦੇ ਆਧਾਰ ਉੱਤੇ ਢੁਕਵਾਂ ਮੁਆਵਜ਼ਾ ਦਿੱਤਾ ਜਾਵੇਗਾ। ਇਸ ਸਬੰਧੀ ਡਿਪਟੀ ਕਮਿਸ਼ਨਰ ਦੀ ਅਗਵਾਈ ’ਚ ਕਾਰਵਾਈ ਜਾਰੀ ਹੈ।
ਚੀਮਾ ਨੇ ਦੱਸਿਆ ਕਿ ਇਸ ਕੁਦਰਤੀ ਆਫ਼ਤ ਕਾਰਨ ਜ਼ਿਲੇ ਵਿਚਲੀਆਂ ਡਰੇਨਾਂ ਤੇ ਸੂਇਆਂ ’ਚ ਪਏ 18 ਪਾੜਾਂ ’ਚੋਂ 12 ਨੂੰ ਬੰਦ ਕੀਤਾ ਜਾ ਚੁੱਕਿਆ ਹੈ ਤੇ ਬਾਕੀ ਸਬੰਧੀ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ। ਪੰਜਾਬ ਸਰਕਾਰ ਵੱਲੋਂ ਜਲ ਨਿਕਾਸੀ ਸਾਧਨਾਂ ਦੀ ਸਫ਼ਾਈ ਲਈ ਕਰੀਬ 03 ਕਰੋੜ 73 ਲੱਖ ਰੁਪਏ ਜਾਰੀ ਕੀਤੇ ਗਏ ਸਨ ਤੇ ਜੂਨ ਮਹੀਨੇ ਤਕ ਸਫਾਈ ਕਾਰਜ ਮੁਕੰਮਲ ਵੀ ਕਰ ਲਏ ਗਏ ਸਨ। ਪਹਾੜੀ ਸੂਬਿਆਂ ’ਚ ਪਏ ਜ਼ਿਆਦਾ ਮੀਂਹ ਤੇ ਸਥਾਨਕ ਪੱਧਰ ’ਤੇ ਪਏ ਮੀਂਹ ਕਾਰਨ ਬੂਟੀ ਮੈਦਾਨੀ ਇਲਾਕਿਆਂ ਦੇ ਨਿਕਾਸੀ ਸਾਧਨਾਂ ’ਚ ਆ ਫਸੀ, ਜਿਸ ਕਾਰਨ ਦਿੱਕਤ ਆਈ ਹੈ। ਇਸ ਮੁਸ਼ਕਲ ਦੇ ਹੱਲ ਲਈ ਮਸ਼ੀਨੀ ਲਗਾਤਾਰ ਚੱਲ ਰਹੀਆਂ ਹਨ ਤੇ ਬੂਟੀ ਕੱਢਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ।

ਇਸ ਤੋਂ ਪਹਿਲਾਂ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਮੰਤਰੀ ਚੀਮਾ ਨੇ ਜਿੱਥੇ ਮੌਜੂਦਾ ਹਾਲਾਤ ਦੀ ਸਮੀਖਿਆ ਕੀਤੀ, ਉੱਥੇ ਜਲ ਸਰੋਤਾਂ ਅਤੇ ਜਲ ਨਿਕਾਸੀ ਦੀ ਸਾਧਨਾਂ ਦੀ ਸਾਫ ਸਫਾਈ ਤੇ ਮਜ਼ਬੂਤੀ ਸਬੰਧੀ ਕਾਰਜਾਂ ’ਚ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਨਿਯਮਾਂ ਮੁਤਾਬਕ ਕਾਰਵਾਈ ਕੀਤੇ ਜਾਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਨੇ ਸਮੂਹ ਅਧਿਕਾਰੀਆਂ ਨੂੰ ਲਗਾਤਾਰ ਫੀਲਡ ’ਚ ਜਾ ਕੇ ਸਥਿਤੀ ਉੱਤੇ ਨਜ਼ਰ ਰੱਖਣ ਦੀ ਹਦਾਇਤ ਕੀਤੀ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਲਾ ਪ੍ਰਸ਼ਾਸਨ ਨੂੰ ਰਾਹਤ ਕਾਰਜਾਂ ’ਚ ਪੂਰਨ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਹੜਤਾਲ ’ਤੇ ਚੱਲ ਰਹੇ ਸੀਵਰੇਜ ਕਰਮਚਾਰੀਆਂ ਨਾਲ ਵੀ ਗੱਲਬਾਤ ਜਾਰੀ ਹੈ ਤੇ ਐਮਰਜੈਂਸੀ ਸੇਵਾਵਾਂ ਬਹਾਲ ਹਨ।

ਇਸ ਮੌਕੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ, ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਖਚੈਨ ਸਿੰਘ, ਕੈਬਨਿਟ ਮੰਤਰੀ ਦੇ ਓ. ਐੱਸ. ਡੀ. ਤਪਿੰਦਰ ਸਿੰਘ ਸੋਹੀ, ਐੱਸ. ਡੀ. ਐੱਮ. ਸੰਗਰੂਰ ਚਰਨਜੋਤ ਸਿੰਘ ਵਾਲੀਆ, ਐੱਸ. ਡੀ. ਐੱਮ. ਦਿੜ੍ਹਬਾ ਰਾਜੇਸ਼ ਸ਼ਰਮਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *