morinda

ਲਾਪਤਾ 328 ਪਾਵਨ ਸਰੂਪਾਂ ਦੇ ਮਾਮਲਾ ਵਿਚ ਮੋਰਿੰਡਾ ਵਿਖੇ ਐੱਸ.ਆਈ.ਟੀ. ਦੀ ਰੇਡ

ਤਤਕਾਲੀ ਪਬਲੀਕੇਸ਼ਨ ਬ੍ਰਾਂਚ ਦੇ ਇੰਚਾਰਜ ਪਰਮਦੀਪ ਖੱਟੜਾ ਤੋਂ ਕੀਤੀ ਪੁੱਛਗਿੱਛ

ਮੋਰਿੰਡਾ, 3 ਜਨਵਰੀ : ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡ ਆਫ਼ਿਸ ਤੋਂ ਲਾਪਤਾ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਵੱਲੋਂ ਜਾਂਚ ਦੀ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਮਾਮਲੇ ’ਚ ਪਹਿਲਾਂ ਹੀ ਕਮੇਟੀ ਦੇ 16 ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜਿਸ ਤੋਂ ਬਾਅਦ ਗਠਿਤ ਕੀਤੀ ਗਈ ਐੱਸ.ਆਈ.ਟੀ. ਵੱਲੋਂ ਪੰਜਾਬ ਭਰ ’ਚ 15 ਹੋਰ ਥਾਵਾਂ ’ਤੇ ਰੇਡ ਕੀਤੀ ਗਈ।

ਉੱਥੇ ਹੀ ਅੱਜ ਮੋਰਿੰਡਾ ਨਿਵਾਸੀ ਪਰਮਦੀਪ ਸਿੰਘ ਖੱਟੜਾ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਰਤਨਗੜ੍ਹ ਹਾਲ ਵਾਸੀ ਵਾਰਡ-6 ਨੇੜੇ ਵੇਰਕਾ ਚੌਕ ਮੋਰਿੰਡਾ ਦੇ ਘਰ ਵਿਖੇ ਛਾਪੇਮਾਰੀ ਕੀਤੀ ਗਈ। ਉਹ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡ ਆਫ਼ਿਸ ਸ੍ਰੀ ਅੰਮ੍ਰਿਤਸਰ ਦੀ ਪਬਲੀਕੇਸ਼ਨ ਬ੍ਰਾਂਚ ਦੇ ਇੰਚਾਰਜ ਸਨ। ਇਹ ਰੇਡ ਪੁਲਸ ਅਧਿਕਾਰੀਆਂ ਵੱਲੋਂ ਸਵੇਰੇ 7 ਵਜੇ ਦੇ ਕਰੀਬ ਸ਼ੁਰੂ ਕੀਤੀ ਗਈ।

ਟੀਮ ਵੱਲੋਂ ਪਰਮਦੀਪ ਸਿੰਘ ਖੱਟੜਾ ਦੇ ਘਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ। ਇਸ ਦੌਰਾਨ ਨਾ ਤਾਂ ਕਿਸੇ ਪਰਿਵਾਰਕ ਮੈਂਬਰ ਨੂੰ ਘਰ ਤੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਗਈ ਤੇ ਨਾ ਹੀ ਐੱਸ.ਆਈ. ਟੀ. ਟੀਮ ਦੇ ਮੈਂਬਰਾਂ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਨੂੰ ਘਰ ’ਚ ਦਾਖ਼ਲ ਹੋਣ ਦਿੱਤਾ ਗਿਆ।

ਜਾਣਕਾਰੀ ਮੁਤਾਬਕ ਐੱਸ.ਆਈ.ਟੀ. ਟੀਮ ਵੱਲੋਂ ਪਰਮਦੀਪ ਸਿੰਘ ਖੱਟੜਾ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ ਤੇ ਨਾਲ ਹੀ ਉਨ੍ਹਾਂ ਦੇ ਘਰ ਦੀ ਤਲਾਸ਼ੀ ਵੀ ਲਈ ਗਈ ਹੈ ਤਾਂ ਜੋ ਲਾਪਤਾ ਹੋਏ ਸਰੂਪਾਂ ਦੇ ਮਾਮਲੇ ਨਾਲ ਜੁੜੇ ਹੋਏ ਕਿਸੇ ਵੀ ਤਰ੍ਹਾਂ ਦੇ ਦਸਤਾਵੇਜ਼, ਰਿਕਾਰਡ ਜਾਂ ਹੋਰ ਮਹਤੱਵਪੂਰਨ ਸਬੂਤ ਪ੍ਰਾਪਤ ਕੀਤੇ ਜਾ ਸਕਣ।

ਜਾਂਚ ਟੀਮ ਵੱਲੋਂ ਇਸ ਮੌਕੇ ਪਰਮਦੀਪ ਸਿੰਘ ਖੱਟੜਾ ਦੇ ਵਿੱਤੀ ਲੈਣ-ਦੇਣ ਤੇ ਪਬਲੀਕੇਸ਼ਨ ਬ੍ਰਾਂਚ ਨਾਲ ਸਬੰਧਤ ਰਿਕਾਰਡਾਂ ’ਤੇ ਵੀ ਖ਼ਾਸ ਧਿਆਨ ਦਿੱਤਾ ਗਿਆ। ਲੱਗਭਗ 7 ਘੰਟੇ ਦੀ ਲੰਬੀ ਜਾਂਚ ਤੋਂ ਬਾਅਦ ਅੰਮ੍ਰਿਤਸਰ ਤੋਂ ਆਈ ਪੁਲਸ ਪਾਰਟੀ ਵਾਪਸ ਚਲੀ ਗਈ। ਜਾਂਚ ਦੌਰਾਨ ਪਰਮਦੀਪ ਸਿੰਘ ਦੇ ਘਰੋਂ ਪੁਲਸ ਨੂੰ ਕੁਝ ਮਿਲਿਆ ਜਾਂ ਨਹੀਂ, ਬਾਰੇ ਜਾਂਚ ਕਰਨ ਆਏ ਪੁਲਸ ਅਧਿਕਾਰੀਆਂ ਵੱਲੋਂ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਗਿਆ।

ਜਾਂਚ ਕਰਨ ਵਾਲੀ ਪੁਲਸ ਪਾਰਟੀ ਪਰਮਦੀਪ ਸਿੰਘ ਦੇ ਘਰ ਤੋਂ ਲਗਭਗ ਢਾਈ ਵਜੇ ਰਵਾਨਾ ਹੋ ਗਈ। ਇਸ ਦੌਰਾਨ ਜਾਂਚ ਟੀਮ ’ਚ ਸ਼ਾਮਲ ਪੁਲਸ ਅਧਿਕਾਰੀਆਂ ਵੱਲੋ ਪੱਤਰਕਾਰਾਂ ਨੂੰ ਵੀ ਨੇੜੇ ਨਹੀਂ ਆਉਣ ਦਿੱਤਾ ਗਿਆ।

Read More : ਅੰਨ੍ਹੇਵਾਹ ਗੋਲੀਆ ਮਾਰ ਕੇ ਨੌਜਵਾਨ ਮਾਰਿਆ

Leave a Reply

Your email address will not be published. Required fields are marked *