ਐੱਸਆਈਆਰ ਚੋਣ ਕਮਿਸ਼ਨ ਦਾ ਭਾਜਪਾ ਲਈ ਚੋਣਾਂ ਤੋਂ ਪਹਿਲਾਂ ਦਾ ਹੋਮਵਰਕ : ਵੜਿੰਗ

ਚੰਡੀਗੜ੍ਹ, 27 ਅਕਤੂਬਰ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ’ਚ ਵੋਟਰ ਸੂਚੀਆਂ ਦੇ ਆਉਣ ਵਾਲੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ.ਆਈ.ਆਰ.) ਵਿਰੁੱਧ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸਲੀਅਤ ’ਚ ਐੱਸ.ਆਈ.ਆਰ. ਕੁਝ ਵੀ ਨਹੀਂ ਸਗੋਂ ਚੋਣ ਕਮਿਸ਼ਨ ਵੱਲੋਂ ਹੁਣ ਭਾਜਪਾ ਲਈ ਕੀਤਾ ਜਾਣ ਵਾਲਾ ਹੋਮਵਰਕ ਹੈ।

ਉਨ੍ਹਾਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਨੇ ਆਪਣੇ ਮੌਜੂਦਾ ਪੜਾਅ ’ਚ ਚੋਣਾਂ ਵਾਲੇ ਸੂਬਿਆਂ ਲਈ ਪਹਿਲਾਂ ਹੀ ਐੱਸ.ਆਈ.ਆਰ. ਦਾ ਐਲਾਨ ਕਰ ਦਿੱਤਾ ਹੈ ਅਤੇ ਪੰਜਾਬ ਯਕੀਨੀ ਤੌਰ ‘ਤੇ ਅਗਲੀ ਕਤਾਰ ’ਚ ਹੋਵੇਗਾ। ਅਗਲੇ ਸਾਲ ਤਾਮਿਲਨਾਡੂ, ਕੇਰਲਾ ਤੇ ਪੱਛਮੀ ਬੰਗਾਲ ਜਿਹੇ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐੱਸ.ਆਈ.ਆਰ. ਕਰਨ ਸਬੰਧੀ ਚੋਣ ਕਮਿਸ਼ਨ ਦੇ ਪ੍ਰਸਤਾਵ ‘ਤੇ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਅਗਲੀ ਕਤਾਰ ’ਚ ਹੋਵੇਗਾ ਕਿਉਂਕਿ ਸੂਬੇ ਅੰਦਰ 2027 ਦੀ ਸ਼ੁਰੂਆਤ ’ਚ ਚੋਣਾਂ ਹੋਣਗੀਆਂ।

ਰਾਜਾ ਵੜਿੰਗ ਨੇ ਕਿਹਾ ਕਿ ਇਹ ਭਾਜਪਾ ਲਈ ਚੋਣ ਕਮਿਸ਼ਨ ਦੁਆਰਾ ਵੋਟਾਂ ਚੋਰੀ ਕਰਨ ਦਾ ਇਕ ਸੰਗਠਿਤ ਤਰੀਕਾ ਹੈ। ਉਨ੍ਹਾਂ ਕਿਹਾ ਕਿ ਐੱਸ.ਆਈ.ਆਰ. ਰਾਹੀਂ ਚੋਣ ਕਮਿਸ਼ਨ ਨਾ ਸਿਰਫ਼ ਵੋਟਰਾਂ ਦਾ ਡਾਟਾ ਇਕੱਠਾ ਕਰਦਾ ਹੈ, ਜਿਹੜਾ ਇਹ ਭਾਜਪਾ ਨਾਲ ਸਾਂਝਾ ਕਰਦਾ ਹੈ ਸਗੋਂ ਇਸ ਪ੍ਰਕਿਰਿਆ ’ਚ ਦਲਿਤਾਂ, ਪੱਛੜੇ ਵਰਗਾਂ ਤੇ ਘੱਟ ਗਿਣਤੀਆਂ ਵਰਗੇ ਉਨ੍ਹਾਂ ਸਾਰੇ ਵੋਟਰਾਂ ਨੂੰ ਵੀ ਵੋਟ ਪਾਉਣ ਤੋਂ ਵਾਂਝਾ ਕਰਦਾ ਹੈ, ਜਿਨ੍ਹਾਂ ‘ਤੇ ਭਾਜਪਾ ਨੂੰ ਸ਼ੱਕ ਹੈ ਕਿ ਉਹ ਉਸ ਨੂੰ ਵੋਟ ਨਹੀਂ ਦੇ ਰਹੇ।

ਉਨ੍ਹਾਂ ਨੇ ਖ਼ਦਸ਼ਾ ਪ੍ਰਗਟਾਇਆ ਕਿ ਭਾਜਪਾ ਪੰਜਾਬ ’ਚ ਵੀ ਭਾਰਤੀ ਚੋਣ ਕਮਿਸ਼ਨ ਦੀ ਵਰਤੋਂ ਕਰ ਕੇ ਉਹੀ ਰਣਨੀਤੀ ਦੁਹਰਾਵੇਗੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅਜਿਹਾ ਨਾ ਹੋਣ ’ਤੇ ਭਾਜਪਾ ਦਾ ਪੰਜਾਬ ’ਚ ਇਕ ਵੀ ਵਿਧਾਨ ਸਭਾ ਹਲਕੇ ਦੇ ਬਰਾਬਰ ਵੀ ਕੋਈ ਮਹੱਤਵਪੂਰਨ ਆਧਾਰ ਨਹੀਂ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਚੋਣ ਕਮਿਸ਼ਨ ਨੂੰ ਪੰਜਾਬ ’ਚ ਭਾਜਪਾ ਲਈ ਕੰਮ ਨਹੀਂ ਕਰਨ ਦੇਵੇਗੀ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਵੀ ਵੋਟਰ ਸੂਚੀਆਂ ਤੋਂ ਆਪਣੇ ਨਾਂ ਹਟਾਉਣ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ, ਜੋ ਕਿ ਐੱਸ.ਆਈ.ਆਰ. ਦਾ ਮੁੱਖ ਉਦੇਸ਼ ਹੈ।

ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ ‘ਤੇ ਕਾਂਗਰਸੀ ਵਰਕਰਾਂ ਨੂੰ ਐੱਸ.ਆਈ.ਆਰ. ਰਾਹੀਂ ਵੋਟਰਾਂ ਨੂੰ ਵੋਟਾਂ ਤੋਂ ਵਾਂਝੇ ਕਰ ਕੇ ਸੰਭਾਵਿਤ ਵੋਟ ਚੋਰੀ ਤੋਂ ਬਚਾਉਣ ਲਈ ਡਿਊਟੀਆਂ ਸੌਂਪੀਆਂ ਜਾਣਗੀਆਂ।

Read More : ਲੋਕਾਂ ਨੇ 2022 ਤੋਂ ਰਵਾਇਤੀ ਪਾਰਟੀਆਂ ਨੂੰ ਵਾਰ-ਵਾਰ ਨਕਾਰਿਆ : ਭਗਵੰਤ ਮਾਨ

Leave a Reply

Your email address will not be published. Required fields are marked *