ਸਿੰਗਰ ਪਰਮੀਸ਼ ਵਰਮਾ

ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ’ਤੇ ਗਾਇਕ ਪਰਮੀਸ਼ ਵਰਮਾ ਦਾ ਪਰਿਵਾਰ

ਹੈਰੀ ਬਾਕਸਰ ਨੇ ਮੈਨੇਜਰ ਤੋਂ ਮੰਗੀ 10 ਕਰੋੜ ਦੀ ਫਿਰੌਤੀ, ਪਰਿਵਾਰ ਨੂੰ ਜਾਨੋਂ ਮਾਰਨ ਦੀ ਦਿੱਤੀ ਧਮਕੀ

ਲੁਧਿਆਣਾ, 26 ਫਰਵਰੀ: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਪਰਮੀਸ਼ ਵਰਮਾ ਅਤੇ ਉਨ੍ਹਾਂ ਦੇ ਕਰੀਬੀ ਇਕ ਵਾਰ ਫਿਰ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਹਨ। ਖ਼ਤਰਨਾਕ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ’ਤੇ ਪਰਮੀਸ਼ ਵਰਮਾ ਦੇ ਬਿਜ਼ਨੈੱਸ ਮੈਨੇਜਰ ਹਰਵਿੰਦਰ ਸਿੰਘ ਉਰਫ਼ ਹਾਰਡੀ ਨੂੰ ਵਿਦੇਸ਼ੀ ਨੰਬਰਾਂ ਤੋਂ ਕਾਲ ਕਰ ਕੇ 10 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਹੈ।

ਧਮਕੀ ਦੇਣ ਵਾਲੇ ਨੇ ਖ਼ੁਦ ਨੂੰ ਹੈਰੀ ਬਾਕਸਰ ਦੱਸਦਿਆਂ ਦਾਅਵਾ ਕੀਤਾ ਹੈ ਕਿ ਉਸ ਕੋਲ ਮੈਨੇਜਰ ਦੇ ਬੱਚਿਆਂ, ਪਤਨੀ ਅਤੇ ਬਜ਼ੁਰਗ ਮਾਤਾ-ਪਿਤਾ ਦੀ ਪਲ-ਪਲ ਦੀ ਲੋਕੇਸ਼ਨ ਹੈ। ਉਸ ਨੇ ਧਮਕੀ ਦਿੱਤੀ ਕਿ ਜੇਕਰ ਰਕਮ ਦਾ ਇੰਤਜ਼ਾਮ ਨਾ ਹੋਇਆ ਤਾਂ ਉਹ ਪੂਰੇ ਪਰਿਵਾਰ ਨੂੰ ਖ਼ਤਮ ਕਰ ਦੇਵੇਗਾ। ਇਸ ਸਨਸਨੀਖੇਜ਼ ਖ਼ੁਲਾਸੇ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਭਾਈ ਰਣਧੀਰ ਸਿੰਘ ਨਗਰ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਹਾਰਡੀ ਨੇ ਪੁਲਸ ਨੂੰ ਦੱਸਿਆ ਕਿ ਬੀਤੀ 14 ਫਰਵਰੀ ਤੋਂ ਉਸ ਨੂੰ ਲਗਾਤਾਰ ਅੰਤਰਰਾਸ਼ਟਰੀ ਨੰਬਰਾਂ ਤੋਂ ਧਮਕੀਆਂ ਮਿਲ ਰਹੀਆਂ ਹਨ। ਫੋਨ ਕਰਨ ਵਾਲੇ ਨੇ ਬੇਹੱਦ ਭੱਦੀ ਭਾਸ਼ਾ ਦੀ ਵਰਤੋਂ ਕਰਦਿਆਂ ਕਿਹਾ ਕਿ ਜੇਕਰ ਉਹ ਗਾਇਕ ਪਰਮੀਸ਼ ਵਰਮਾ ਅਤੇ ਆਪਣੇ ਪਰਿਵਾਰ ਦੀ ਸਲਾਮਤੀ ਚਾਹੁੰਦਾ ਹੈ ਤਾਂ ਭਾਰੀ ਰਕਮ ਤਿਆਰ ਰੱਖੇ।

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੀਨੀਅਰ ਪੁਲਸ ਅਧਿਕਾਰੀ ਇਸ ਦੀ ਜਾਂਚ ਵਿਚ ਜੁੱਟ ਗਏ ਹਨ। ਸਰਾਭਾ ਨਗਰ ਪੁਲਸ ਅਤੇ ਸਾਈਬਰ ਸੈੱਲ ਦੀਆਂ ਟੀਮਾਂ ਉਨ੍ਹਾਂ ਵਿਦੇਸ਼ੀ ਨੰਬਰਾਂ ਨੂੰ ਟ੍ਰੇਸ ਕਰ ਰਹੀਆਂ ਹਨ ਜਿਨ੍ਹਾਂ ਤੋਂ ਫਿਰੌਤੀ ਦੀ ਕਾਲ ਆਈ ਸੀ। ਪੁਲਸ ਅਨੁਸਾਰ ਪੀੜਤ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਈ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਬੇਨਕਾਬ ਕੀਤਾ ਜਾਵੇਗਾ।

Read More : ਕਰੰਟ ਲੱਗਣ ਕਾਰਨ 17 ਸਾਲਾ ਨੌਜਵਾਨ ਦੀ ਮੌਤ

Leave a Reply

Your email address will not be published. Required fields are marked *