ਸਿੱਧੂ ਮੂਸੇਵਾਲਾ

ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਦਾ ਪਿਤਾ 1 ਕਰੋੜ ਦੀ ਫਿਰੌਤੀ ਦੇ ਮਾਮਲੇ ’ਚ ਗ੍ਰਿਫ਼ਤਾਰ

ਨਾਮੀ ਆੜ੍ਹਤੀ ਨੂੰ ਗੈਂਗਸਟਰ ਦੇ ਨਾਂ ‘ਤੇ ਧਮਕਾਉਣ ਦਾ ਦੋਸ਼; ਪਾਇਲ ਪੁਲਿਸ ਨੇ ਵਿਦੇਸ਼ ਬੈਠੇ ਪੁੱਤਰ ਵਿਰੁੱਧ ਵੀ ਦਰਜ ਕੀਤਾ ਮਾਮਲਾ

ਪਾਇਲ, 31 ਮਾਰਚ : ਪਾਇਲ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਦੇ ਪਿਤਾ ਸੌਦਾਗਰ ਸਿੰਘ ਸਰਾਓ ਨੂੰ ਗ੍ਰਿਫ਼ਤਾਰ ਕੀਤਾ ਹੈ। ਸੌਦਾਗਰ ਸਿੰਘ ‘ਤੇ ਇੱਕ ਨਾਮੀ ਆੜ੍ਹਤੀ ਤੋਂ ਗੈਂਗਸਟਰ ਦੇ ਨਾਂ ‘ਤੇ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗਣ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ। ਇਹ ਕਾਰਵਾਈ ਥਾਣਾ ਪਾਇਲ ਦੇ ਐੱਸ.ਐੱਚ.ਓ. ਤਰਵਿੰਦਰ ਕੁਮਾਰ ਬੇਦੀ ਦੀ ਅਗਵਾਈ ਹੇਠ ਅਮਲ ਵਿੱਚ ਲਿਆਂਦੀ ਗਈ।

ਡੀ.ਐੱਸ.ਪੀ. ਪਾਇਲ ਜਸਬਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ 25 ਮਾਰਚ ਨੂੰ ਇਲਾਕੇ ਦੇ ਇੱਕ ਆੜ੍ਹਤੀ ਨੂੰ ਵਿਦੇਸ਼ੀ ਨੰਬਰ ਤੋਂ ਫ਼ੋਨ ਅਤੇ ਵਾਇਸ ਮੈਸੇਜ ਆਇਆ ਸੀ। ਫ਼ੋਨ ਕਰਨ ਵਾਲੇ ਨੇ ਖੁਦ ਨੂੰ ਗੈਂਗਸਟਰ ਬਲਵਿੰਦਰ ਸਿੰਘ ਉਰਫ਼ ਡੋਨੀ ਬੱਲ ਦੱਸਦਿਆਂ ਇੱਕ ਕਰੋੜ ਰੁਪਏ ਦੀ ਮੰਗ ਕੀਤੀ ਅਤੇ ਪੈਸੇ ਨਾ ਦੇਣ ‘ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਇਸ ਫਿਰੌਤੀ ਦੀ ਸਾਜ਼ਿਸ਼ ਵਿੱਚ ਡੋਨੀ ਬੱਲ ਦੇ ਨਾਲ ਸ਼ਗਨਪ੍ਰੀਤ ਸਿੰਘ (ਜੋ ਇਸ ਸਮੇਂ ਆਸਟ੍ਰੇਲੀਆ ਵਿੱਚ ਹੈ) ਅਤੇ ਉਸ ਦਾ ਪਿਤਾ ਸੌਦਾਗਰ ਸਿੰਘ ਸ਼ਾਮਲ ਸਨ। ਪੁਲਿਸ ਨੇ ਪੁਖ਼ਤਾ ਸਬੂਤਾਂ ਦੇ ਆਧਾਰ ‘ਤੇ ਸੌਦਾਗਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਪਾਇਲ ਵਿਖੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 308 ਅਤੇ 351(2) ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

ਪੀੜਤ ਆੜ੍ਹਤੀ ਅਨੁਸਾਰ ਉਸ ਨੂੰ 29 ਸੈਕਿੰਡ ਦਾ ਇੱਕ ਵਾਇਸ ਮੈਸੇਜ ਭੇਜ ਕੇ ਬੇਹੱਦ ਗੰਭੀਰ ਨਤੀਜੇ ਭੁਗਤਣ ਲਈ ਡਰਾਇਆ ਗਿਆ ਸੀ। ਪੁਲਿਸ ਨੇ ਸੌਦਾਗਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਇਸ ਨੈੱਟਵਰਕ ਨਾਲ ਜੁੜੇ ਹੋਰ ਤੱਥ ਸਾਹਮਣੇ ਆ ਸਕਣ। ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।

Read More : ਜਬਰ-ਜ਼ਨਾਹ ਵਿਚ ਭਰਾ ਦੀ ਮਦਦ ਕਰਨ ਵਾਲੀ ਔਰਤ ਨੂੰ 10 ਸਾਲ ਦੀ ਸਖ਼ਤ ਕੈਦ

Leave a Reply

Your email address will not be published. Required fields are marked *