ਹਸਪਤਾਲ ਲਿਜਾਉਂਦਿਆਂ ਰਸਤੇ ’ਚ ਵੀ ਚਲਾਈਆਂ ਗੋਲੀਆਂ
ਬਰਨਾਲਾ, 12 ਜਨਵਰੀ : ਬਰਨਾਲਾ ਸ਼ਹਿਰ ’ਚ ਯੂਨੀਵਰਸਿਟੀ ਕਾਲਜ ਨੇੜੇ ਸਥਿਤ ਸੰਧੂ ਪੱਤੀ ’ਚ ਪੁਰਾਣੀ ਰੰਜਿਸ਼ ਕਾਰਨ ਕੁਝ ਹਮਲਾਵਰਾਂ ਨੇ ਇਕ ਘਰ ’ਚ ਦਾਖਲ ਹੋ ਕੇ ਸੁੱਤੇ ਪਏ ਨੌਜਵਾਨ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਖੂਨੀ ਵਾਰਦਾਤ ’ਚ ਇਕ ਵਿਧਵਾ ਮਹਿਲਾ ਪੁਲਸ ਮੁਲਾਜ਼ਮ ਦਾ ਇਕਲੌਤਾ ਪੁੱਤ, ਉਸ ਦਾ ਚਾਚਾ ਅਤੇ ਇਕ ਹੋਰ ਨੌਜਵਾਨ ਗੰਭੀਰ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਸਰਬਜੀਤ ਕੌਰ, ਜੋ ਕਿ ਪੰਜਾਬ ਪੁਲਸ ’ਚ ਹੋਮ ਗਾਰਡ ਵਜੋਂ ਤਾਇਨਾਤ ਹੈ ਅਤੇ ਜਿਸ ਦੇ ਪਤੀ ਜਗਜੀਤ ਸਿੰਘ ਦੀ ਡਿਊਟੀ ਦੌਰਾਨ ਮੌਤ ਹੋ ਚੁੱਕੀ ਹੈ, ਆਪਣੇ ਪਰਿਵਾਰ ਸਮੇਤ ਘਰ ’ਚ ਸੁੱਤੀ ਹੋਈ ਸੀ। ਰਾਤ ਦੇ ਸਮੇਂ ਕਰੀਬ ਤਿੰਨ ਅਣਪਛਾਤੇ ਨੌਜਵਾਨ ਘਰ ਦਾ ਬਾਹਰਲਾ ਗੇਟ ਤੋੜ ਕੇ ਅੰਦਰ ਦਾਖਲ ਹੋਏ।
ਹਮਲਾਵਰਾਂ ਨੇ ਸਿੱਧਾ ਕਮਰੇ ’ਚ ਜਾ ਕੇ ਬੈੱਡ ’ਤੇ ਸੁੱਤੇ ਪਏ ਸਰਬਜੀਤ ਕੌਰ ਦੇ 22 ਸਾਲਾ ਪੁੱਤ ਆਕਾਸ਼ਦੀਪ ਸਿੰਘ ’ਤੇ ਤਾਬੜਤੋੜ ਫਾਈਰਿੰਗ ਸ਼ੁਰੂ ਕਰ ਦਿੱਤੀ। ਆਕਾਸ਼ਦੀਪ ਦੀ ਛਾਤੀ ਅਤੇ ਪੈਰ ’ਚ ਗੋਲੀਆਂ ਲੱਗਣ ਕਾਰਨ ਉਹ ਲਹੂ-ਲੁਹਾਨ ਹੋ ਗਿਆ।
ਇਸ ਤੋਂ ਬਾਅਦ ਜਦੋਂ ਆਕਾਸ਼ਦੀਪ ਦਾ ਚਾਚਾ ਮੱਖਣ ਸਿੰਘ ਉਸ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਜਾਉਣ ਲੱਗਾ ਤਾਂ ਹਮਲਾਵਰਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਰਸਤੇ ’ਚ ਘੇਰ ਕੇ ਦੁਬਾਰਾ ਗੋਲੀਆਂ ਚਲਾਈਆਂ। ਇਸ ਹਮਲੇ ’ਚ ਮੱਖਣ ਸਿੰਘ ਦੇ ਹੱਥ ’ਚ ਦੋ ਗੋਲੀਆਂ ਲੱਗੀਆਂ। ਇਸੇ ਦੌਰਾਨ ਨੇੜੇ ਹੀ ਵਾਪਰੀ ਇਕ ਹੋਰ ਘਟਨਾ ’ਚ ਇਕ ਹੋਰ ਨੌਜਵਾਨ ਅਰਵਿੰਦ ਕੁਮਾਰ ਵੀ ਗੋਲੀਆਂ ਦੀ ਲਪੇਟ ’ਚ ਆ ਗਿਆ, ਜਿਸ ਦੀ ਪਿੱਠ ’ਚ ਗੋਲੀ ਲੱਗੀ ਹੈ।
ਗੋਲੀਬਾਰੀ ’ਚ ਜ਼ਖਮੀ ਹੋਏ ਤਿੰਨਾਂ ਵਿਅਕਤੀਆਂ ਨੂੰ ਤੁਰੰਤ ਬਰਨਾਲਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਡਾਕਟਰਾਂ ਅਨੁਸਾਰ ਆਕਾਸ਼ਦੀਪ ਸਿੰਘ ਅਤੇ ਅਰਵਿੰਦ ਕੁਮਾਰ ਦੀ ਹਾਲਤ ਬੇਹੱਦ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਏਮਜ਼ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ ਹੈ। ਮੱਖਣ ਸਿੰਘ ਦਾ ਇਲਾਜ ਜਾਰੀ ਹੈ।
ਹਸਪਤਾਲ ’ਚ ਰੋਂਦੀ-ਕੁਰਲਾਉਂਦੀ ਮਹਿਲਾ ਪੁਲਸ ਮੁਲਾਜ਼ਮ ਸਰਬਜੀਤ ਕੌਰ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਸਨ, ਜਿਸ ਬਾਰੇ ਉਨ੍ਹਾਂ ਨੇ ਕਈ ਵਾਰ ਪੁਲਸ ਕੋਲ ਸ਼ਿਕਾਇਤ ਵੀ ਕੀਤੀ ਸੀ।
ਸਰਬਜੀਤ ਕੌਰ ਨੇ ਦੋਸ਼ ਲਾਇਆ ਕਿ ਜੇਕਰ ਪੁਲਸ ਨੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਉਸ ਦੇ ਇਕਲੌਤੇ ਪੁੱਤ ਦੀ ਜਾਨ ਖਤਰੇ ’ਚ ਨਾ ਹੁੰਦੀ। ਇਸ ਘਟਨਾ ਨੇ ਬਰਨਾਲਾ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਦੀ ਵੀ ਪੋਲ ਖੋਲ੍ਹ ਦਿੱਤੀ ਹੈ ਕਿ ਕਿਵੇਂ ਅਪਰਾਧੀ ਸ਼ਰੇਆਮ ਘਰਾਂ ’ਚ ਵੜ ਕੇ ਗੋਲੀਆਂ ਚਲਾ ਰਹੇ ਹਨ।
ਮੌਕੇ ਤੋਂ ਮਿਲੇ ਗੋਲੀਆਂ ਦੇ ਖੋਲ ਤੇ ਜਿੰਦਾ ਕਾਰਤੂਸ
ਘਟਨਾ ਦੀ ਸੂਚਨਾ ਮਿਲਦਿਆਂ ਹੀ ਬਰਨਾਲਾ ਪੁਲਸ ਦੇ ਉੱਚ ਅਧਿਕਾਰੀ ਅਤੇ ਐੱਸ. ਐੱਚ. ਓ. ਚਰਨਜੀਤ ਸਿੰਘ ਮੌਕੇ ’ਤੇ ਪਹੁੰਚੇ। ਪੁਲਸ ਨੂੰ ਜਾਂਚ ਦੌਰਾਨ ਘਰ ਦੇ ਕਮਰੇ ’ਚ ਬੈੱਡ ਦੇ ਉੱਪਰੋਂ ਚੱਲੇ ਹੋਏ ਕਾਰਤੂਸਾਂ ਦੇ ਖੋਲ ਅਤੇ ਬਾਹਰ ਗਲੀ ’ਚੋਂ ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਐੱਸ. ਐੱਚ. ਓ. ਚਰਨਜੀਤ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।
Read More : ਡੋਨਾਲਡ ਟਰੰਪ ਨੇ ਖੁਦ ਨੂੰ ‘ਵੈਨੇਜ਼ੁਏਲਾ ਦਾ ਕਾਰਜਕਾਰੀ ਰਾਸ਼ਟਰਪਤੀ’ ਦੱਸਿਆ
