ਔਰਤ ਵੱਲੋਂ ਕੀਤੀ ਗਈ ਸ਼ਿਕਾਇਤ ’ਤੇ ਕਾਰਵਾਈ ਨਾ ਕਰਨ ਦਾ ਲੱਗਿਆ ਦੋਸ਼
ਲੁਧਿਆਣਾ, 1 ਅਕਤੂਬਰ : ਜ਼ਿਲਾ ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਔਰਤ ਦੀ ਸ਼ਿਕਾਇਤ ’ਤੇ ਲਾਪਰਵਾਹੀ ਅਤੇ ਕਾਰਵਾਈ ’ਚ ਬੇਲੋੜੀ ਦੇਰੀ ਕਰਨ ਦੇ ਮਾਮਲੇ ’ਚ ਜ਼ੀਰੋ ਟਾਲਰੈਂਸ ਅਪਣਾਉਂਦੇ ਹੋਏ ਥਾਣਾ ਟਿੱਬਾ ਦੇ ਐੱਸ.ਐੱਚ.ਓ. ਸਬ-ਇੰਸਪੈਕਟਰ ਜਸਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਬਾਅਦ ਐੱਸ.ਐੱਚ.ਓ. ਨੂੰ ਪੁਲਿਸ ਲਾਈਨ ਭੇਜ ਦਿੱਤਾ ਗਿਆ ਤੇ ਉੱਚ ਅਧਿਕਾਰੀ ਵੱਲੋਂ ਵਿਭਾਗੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਹਾਲ ਹੀ ’ਚ ਇਕ ਔਰਤ ਡੌਲੀ ’ਤੇ ਉਸ ਦੇ ਪਤੀ ਨੇ ਹਮਲਾ ਕਰ ਦਿੱਤਾ ਸੀ, ਜਿਸ ’ਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਇਹ ਹਮਲਾ ਪਤੀ-ਪਤਨੀ ਦੇ ਚੱਲ ਰਹੇ ਝਗੜੇ ਕਾਰਨ ਹੋਇਆ ਸੀ। ਜ਼ਖ਼ਮੀ ਹੋਣ ਤੋਂ ਬਾਅਦ ਔਰਤ ਥਾਣੇ ਪਹੁੰਚੀ ਤੇ ਐੱਸ. ਐੱਚ. ਓ. ਸਬ-ਇੰਸ. ਜਸਪਾਲ ਸਿੰਘ ਨੂੰ ਘਟਨਾ ਬਾਰੇ ਦੱਸ ਕੇ ਹਮਲਾਵਰ ’ਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਪਰ ਐੱਸ. ਐੱਚ. ਓ. ਨੇ ਲਾਪਰਵਾਹ ਰਵੱਈਆ ਅਪਣਾਉਂਦੇ ਹੋਏ ਐੱਫ.ਆਈ.ਆਰ. ਦਰਜ ਕਰਨ ’ਚ ਦੇਰੀ ਕਰ ਦਿੱਤੀ।
ਪੁਲਿਸ ਕਮਿਸ਼ਨਰ ਸ਼ਰਮਾ ਨੇ ਖੁਲਾਸਾ ਕੀਤਾ ਕਿ ਪੀੜਤ ਔਰਤ ਨੇ ਉਨ੍ਹਾਂ ਦੇ ਕੋਲ ਪਹੁੰਚ ਕੇ ਆਪ ਬੀਤੀ ਦੱਸੀ। ਉਸ ਨੂੰ ਸੁਣਨ ਤੋਂ ਬਾਅਦ ਉਨ੍ਹਾਂ ਤੁਰੰਤ ਐੱਸਐੱਚਓ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਤੇ ਉਸ ਨੂੰ ਪੁਲਿਸ ਲਾਈਨ ਭੇਜਣ ਦੇ ਹੁਕਮ ਜਾਰੀ ਕੀਤੇ। ਉਨ੍ਹਾਂ ਆਖਿਆ ਕਿ ਐੱਸਆਈ ਜਸਪਾਲ ਸਿੰਘ ਨੂੰ ਟਿੱਬਾ ਥਾਣੇ ਦੇ ਐੱਸਐੱਚਓ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਉਸ ਦੀ ਥਾਂ ਨਵਾਂ ਐੱਸਐੱਚਓ ਤਾਇਨਾਤ ਕੀਤਾ ਗਿਆ ਹੈ।
ਪੁਲਿਸ ਕਮਿਸ਼ਨਰ ਨੇ ਆਖਿਆ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਪੀੜਤ ਔਰਤ ਦਾ ਬਿਆਨ ਤੁਰੰਤ ਦਰਜ ਕਰ ਕੇ ਐੱਫਆਈਆਰ ਦਰਜ ਕੀਤੀ ਜਾਵੇ। ਲੁਧਿਆਣਾ ਪੁਲਿਸ ਲੋਕਾਂ ਨੂੰ ਪੂਰੀ ਨਿਆਂ ਦਿੰਦੀ ਆ ਰਹੀ ਹੈ ਤੇ ਥਾਣਾ ਇੰਚਾਰਜ ਦੀ ਅਜਿਹੀ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
Read More : ਹੜ੍ਹ ਪ੍ਰਭਾਵਿਤ ਪਿੰਡਾਂ ‘ਚ ਇਕ ਮਜ਼ਬੂਤ ਮੈਡੀਕਲ ਢਾਲ ਬਣਾਈ : ਡਾ. ਬਲਬੀਰ ਸਿੰਘ
