ਅੰਮ੍ਰਿਤਸਰ, 13 ਸਤੰਬਰ : -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ’ਚ ਆਏ ਹੜ੍ਹਾਂ ਤੋਂ ਬਾਅਦ ਕੀਤੇ ਜਾ ਰਹੇ ਰਾਹਤ ਕਾਰਜਾਂ ’ਤੇ ਕੁਝ ਮੈਂਬਰਾਂ ਵੱਲੋਂ ਕੀਤੀ ਜਾ ਰਹੀ ਗ਼ਲਤ ਬਿਆਨਬਾਜ਼ੀ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨੋਟਿਸ ਲੈਂਦਿਆਂ ਅਪੀਲ ਕੀਤੀ ਕਿ ਇਹ ਸਮਾਂ ਪੀੜਤਾਂ ਦਾ ਦੁੱਖ ਵੰਡਾਉਣ ਦਾ ਹੈ, ਨਾ ਕਿ ਸਿਆਸਤ ਕਰਨ ਦਾ। ਐਡਵੋਕੇਟ ਧਾਮੀ ਨੇ ਕਿਹਾ ਕਿ ਅੰਤ੍ਰਿੰਗ ਕਮੇਟੀ ਮੈਂਬਰ ਜਸਵੰਤ ਸਿੰਘ ਪੁੜੈਣ ਤੇ ਕੁਝ ਹੋਰ ਮੈਂਬਰ ਗ਼ਲਤ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪਹਿਲੇ ਦਿਨ ਤੋਂ ਹੀ ਬਿਨਾਂ ਕਿਸੇ ਵਿਤਕਰੇ ਦੇ ਲੋਕਾਂ ਤੱਕ ਰਾਹਤ ਸੇਵਾਵਾਂ ਪਹੁੰਚਾ ਰਹੀ ਹੈ, ਜੋ ਸੰਸਥਾ ਦਾ ਫ਼ਰਜ਼ ਸੀ। ਐਡਵੋਕੇਟ ਧਾਮੀ ਨੇ ਆਖਿਆ ਕਿ ਜਸਵੰਤ ਸਿੰਘ ਪੁੜੈਣ ਨੇ ਅੰਤ੍ਰਿੰਗ ਕਮੇਟੀ ਵਿਚ ਆਏ ਜਿਸ ਮਤੇ ਦੀ ਗੱਲ ਕੀਤੀ ਹੈ, ਉਹ ਤੁਰੰਤ ਭੇਜੀਆਂ ਰਾਹਤ ਸੇਵਾਵਾਂ ਦੇ ਖਰਚਿਆਂ ਦੀ ਪੁਸ਼ਟੀ ਦਾ ਸੀ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਮਗਰੋਂ ਉਹ ਵੱਖ-ਵੱਖ ਗੁਰਦੁਆਰਾ ਸਾਹਿਬਾਨ ਤੋਂ ਕੀਤੇ ਰਾਹਤ ਕਾਰਜਾਂ ਅਤੇ ਹੁਣ ਤੱਕ ਹੋਏ ਖ਼ਰਚਿਆਂ ਦੇ ਵੇਰਵੇ ਵੀ ਮੀਡੀਆ ਨਾਲ ਸਾਂਝੇ ਕਰ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਇਨ੍ਹਾਂ ਕੁਝ ਮੈਂਬਰਾਂ ਵੱਲੋਂ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਤੋਂ ਰਾਹਤ ਸੇਵਾਵਾਂ ਬਾਰੇ ਭਰਮ ਪੈਦਾ ਕਰਨ ਦੇ ਯਤਨ ਹੋ ਰਹੇ ਹਨ, ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਵੀ ਕਾਰਜ ਨਿਯਮਾਂ ਤੋਂ ਬਾਹਰ ਜਾ ਕੇ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਘੱਗਰ ਦਰਿਆ ਦੇ ਬੰਨ੍ਹ ਮਜ਼ਬੂਤ ਕਰਨ ਲਈ ਲੋਕਾਂ ਵੱਲੋਂ ਕੀਤੀ ਮੰਗ ’ਤੇ ਸ਼੍ਰੋਮਣੀ ਕਮੇਟੀ ਨੇ 3 ਹਜ਼ਾਰ ਲੀਟਰ ਡੀਜ਼ਲ ਦੇਣ ਦੀ ਪ੍ਰਵਾਨਗੀ ਦਿੱਤੀ ਸੀ, ਜਿਸ ’ਚੋਂ 2 ਹਜ਼ਾਰ ਲੀਟਰ ਤੇਲ ਸੰਗਤ ਨੂੰ ਦਿੱਤਾ ਗਿਆ ਹੈ। ਇਸ ਬਾਰੇ ਲੋਕਾਂ ਵੱਲੋਂ ਦਿੱਤੀ ਮੰਗ ਅਤੇ ਜਿਨ੍ਹਾਂ ਲੋਕਾਂ ਤੱਕ ਤੇਲ ਪੁੱਜਾ ਉਨ੍ਹਾਂ ਦੇ ਵੇਰਵਿਆਂ ਸਮੇਤ ਸਾਰਾ ਰਿਕਾਰਡ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਹੈ।
ਉਨ੍ਹਾਂ ਕਿਹਾ ਕਿ ਕੇਵਲ ਵਿਰੋਧ ਦੀ ਖ਼ਾਤਰ ਵਿਰੋਧ ਕਰਨ ਲਈ ਸੰਸਥਾ ਦੇ ਕਾਰਜਾਂ ’ਤੇ ਸਵਾਲ ਚੁੱਕਣੇ ਇਨ੍ਹਾਂ ਮੈਂਬਰਾਂ ਨੂੰ ਸੋਭਾ ਨਹੀਂ ਦਿੰਦੇ। ਇਹ ਵੀ ਸੰਸਥਾ ਦੇ ਪ੍ਰਬੰਧਾਂ ਦਾ ਹਿੱਸਾ ਹਨ ਅਤੇ ਇਨ੍ਹਾਂ ਨੂੰ ਕੀਤੇ ਜਾਂਦੇ ਕਾਰਜਾਂ ਅਤੇ ਨਿਯਮਾਂ ਬਾਰੇ ਪੂਰੀ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਇਹ ਲੋਕ ਪੀੜਤਾਂ ਦਾ ਦੁਖ ਵੰਡਾਉਣ ਦੀ ਬਜਾਏ, ਉਨ੍ਹਾਂ ਦਾ ਸਹਾਰਾ ਬਨਣ ਵਾਲਿਆਂ ’ਤੇ ਕਿੰਤੂ ਪਰੰਤੂ ਕਰ ਰਹੇ ਹਨ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਤੌਰ ’ਤੇ ਰਾਹਤ ਕਾਰਜ ਕਰ ਰਿਹਾ ਹੈ ਅਤੇ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਇਸ ਔਖੇ ਸਮੇਂ ਲੋਕਾਂ ਲਈ ਇਨ੍ਹਾਂ ਕਾਰਜਾਂ ਵਿਚ ਲੱਗੀਆਂ ਹੋਈਆਂ ਹਨ ਪ੍ਰੰਤੂ ਕਿਸੇ ਦੀ ਤੁਲਨਾ ਵਿਚ ਸਿੱਖਾਂ ਦੀ ਨੁਮਾਇੰਦਾ ਸਿਆਸੀ ਜਥੇਬੰਦੀ ਨੂੰ ਨੀਵਾਂ ਦਿਖਾਉਣ ਲਈ ਪ੍ਰਾਪੇਗੰਡਾ ਠੀਕ ਨਹੀਂ। ਐਡਵੋਕੇਟ ਧਾਮੀ ਨੇ ਅਪੀਲ ਕੀਤੀ ਕਿ ਪੰਜਾਬ ’ਤੇ ਆਈ ਇਸ ਮੁਸੀਬਤ ਸਮੇਂ ਪੀੜਤਾਂ ਦੇ ਜ਼ਖ਼ਮਾਂ ਤੇ ਮਲ੍ਹਮ ਲਗਾਉਣ ਦਾ ਯਤਨ ਕਰੀਏ, ਨਾ ਕੇ ਇਕ ਦੂਜੇ ਖ਼ਿਲਾਫ਼ ਦੂਸ਼ਣਬਾਜ਼ੀ ਕਰਕੇ ਚੱਲ ਰਹੇ ਰਾਹਤ ਕਾਰਜਾਂ ’ਚ ਰੋੜਾ ਬਣੀਏ।
Read More : ਪੰਜਾਬ ਰਾਜਪਾਲ ਨੇ ਪੀਪੀਐਸਸੀ ਦੇ ਦੋ ਅਧਿਕਾਰਤ ਮੈਂਬਰਾਂ ਨੂੰ ਚੁਕਾਈ ਸਹੁੰ