ਹਲਕਾ ਸਨੌਰ ਲਈ 4 ਮੈਂਬਰੀ ਕਮੇਟੀ ਦਾ ਐਲਾਨ
ਚੰਡੀਗੜ੍ਹ, 26 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ਿਲਾ ਪਟਿਆਲਾ ਦੇ 3 ਹਲਕਾ ਇੰਚਾਰਜਾਂ, ਜ਼ਿਲਾ ਸੰਗਰੂਰ ਦੇ ਧੂਰੀ ਤੇ ਜ਼ਿਲਾ ਮੋਗਾ ਦੇ ਨਿਹਾਲ ਸਿੰਘ ਵਾਲਾ ਦਾ ਐਲਾਨ ਕਰ ਦਿੱਤਾ। ਇਸ ਦੇ ਨਾਲ ਹੀ ਪਟਿਆਲਾ ਦੇ ਹਲਕਾ ਸਨੌਰ ’ਚ ਪਾਰਟੀ ਦੇ ਕੰਮਕਾਜ ਨੂੰ ਬੇਹਤਰ ਤਰੀਕੇ ਨਾਲ ਚਲਾਉਣ ਲਈ 4 ਮੈਂਬਰੀ ਕਮੇਟੀ ਦਾ ਐਲਾਨ ਵੀ ਕੀਤਾ।
ਬਾਦਲ ਨੇ ਦੱਸਿਆ ਕਿ ਸੁਰਜੀਤ ਸਿੰਘ ਗੜ੍ਹੀ ਮੈਂਬਰ ਐੱਸ. ਜੀ. ਪੀ. ਸੀ. ਹਲਕਾ ਰਾਜਪੁਰਾ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਹਲਕਾ ਘਨੌਰ, ਜਗਮੀਤ ਸਿੰਘ ਹਰਿਆਊ ਹਲਕਾ ਸਮਾਣਾ ਦੇ ਹਲਕਾ ਇੰਚਾਰਜ ਹੋਣਗੇ। ਰਣਜੀਤ ਸਿੰਘ ਰੰਧਾਵਾ ਕਾਤਰੋਂ ਧੂਰੀ ਦੇ ਹਲਕਾ ਇੰਚਾਰਜ ਹੋਣਗੇ ਤੇ ਰਾਜਵਿੰਦਰ ਸਿੰਘ ਧਰਮਕੋਟ ਨਿਹਾਲ ਸਿੰਘ ਵਾਲਾ ਐੱਸ.ਸੀ ਦੇ ਹਲਕਾ ਇੰਚਾਰਜ ਹੋਣਗੇ।
ਪਟਿਆਲਾ ਦੇ ਹਲਕਾ ਸਨੌਰ ’ਚ ਪਾਰਟੀ ਦੇ ਕੰਮਕਾਜ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ’ਚ ਕ੍ਰਿਸ਼ਨ ਸਿੰਘ ਕੰਬੋਜ, ਫੌਜਇੰਦਰ ਸਿੰਘ ਮੁਖਮੈਲਪੁਰ, ਰਜਿੰਦਰ ਸਿੰਘ ਵਿਰਕ ਤੇ ਜਸਪਾਲ ਸਿੰਘ ਬਿੱਟੂ ਚੱਠਾ ਦੇ ਨਾਂ ਸ਼ਾਮਲ ਹਨ।
ਐੱਨ. ਕੇ. ਸ਼ਰਮਾ ਨੂੰ ਆ ਰਹੀਆਂ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ ਲਈ ਜ਼ਿਲਾ ਪਟਿਆਲਾ ਤੇ ਜ਼ਿਲਾ ਮੋਹਾਲੀ ਦਾ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ ਤੇ ਉਹ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ ਦੇ ਉਮੀਦਵਾਰਾਂ ਦੀ ਚੋਣ ਕਰ ਕੇ ਮੁੱਖ ਦਫ਼ਤਰ ਨੂੰ ਭੇਜਣਗੇ ਤੇ ਦੋਹਾਂ ਜ਼ਿਲਿਆਂ ’ਚ ਚੋਣ ਮੁਹਿੰਮ ਨੂੰ ਚਲਾਉਣਗੇ।
ਇਸੇ ਤਰ੍ਹਾਂ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ ਲਈ ਕਮਲ ਚੇਤਲੀ ਨੂੰ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦਾ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ ਤੇ ਰਣਜੀਤ ਸਿੰਘ ਢਿੱਲੋਂ ਸਾਬਕਾ ਵਿਧਾਇਕ ਹਲਕਾ ਦਾਖਾ ਅਤੇ ਹਲਕਾ ਗਿੱਲ ਐੱਸ. ਸੀ. ਦੇ ਅਬਜ਼ਰਵਰ ਹੋਣਗੇ ਜਿਸ ’ਚ ਉਹ ਲੋਕਲ ਆਗੂਆਂ ਨਾਲ ਸਲਾਹ ਮਸ਼ਵਰਾ ਕਰ ਕੇ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਦੇ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਚਲਾਉਣਗੇ।
Read More : ਦਿੱਲੀ ਕਾਰ ਬੰਬ ਧਮਾਕਾ : ਅੱਤਵਾਦੀ ਉਮਰ ਦਾ ਮਦਦਗਾਰ ਗ੍ਰਿਫ਼ਤਾਰ
