ਬਿਜਲੀ ਮੀਟਰ ਚਾਲੂ ਰੱਖਣ ਬਦਲੇ ਮੰਗੀ ਸੀ ਰਿਸ਼ਵਤ; ਸ਼ਿਕਾਇਤਕਰਤਾ ਨੇ ਰਿਕਾਰਡਿੰਗ ਕਰ ਕੇ ਫੜਵਾਇਆ ਮੁਲਜ਼ਮ ਅਧਿਕਾਰੀ
ਮਲੇਰਕੋਟਲਾ, 2 ਅਪ੍ਰੈਲ : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੀ. ਐੱਸ. ਪੀ. ਸੀ. ਐੱਲ. (ਪਾਵਰਕਾਮ) ਦੇ ਸਬ-ਡਵੀਜ਼ਨ ਕੁੱਪ ਕਲਾਂ (ਜ਼ਿਲਾ ਮਲੇਰਕੋਟਲਾ) ’ਚ ਤਾਇਨਾਤ ਉਪ-ਮੰਡਲ ਅਧਿਕਾਰੀ (ਐੱਸ. ਡੀ. ਓ.) ਹਰਦੀਪ ਸਿੰਘ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਅਧਿਕਾਰੀ ਨੂੰ ਪਿੰਡ ਭੋਗੀਵਾਲ ਦੇ ਇਕ ਵਸਨੀਕ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਅਨੁਸਾਰ ਐੱਸ. ਡੀ. ਓ. ਹਰਦੀਪ ਸਿੰਘ ਨੇ ਉਸ ਦੇ ਘਰ ਦੀ ਚੈਕਿੰਗ ਕੀਤੀ ਸੀ ਅਤੇ ਦਾਅਵਾ ਕੀਤਾ ਸੀ ਕਿ ਉੱਥੇ ਅਣਅਧਿਕਾਰਤ ਬਿਜਲੀ ਮੀਟਰ ਲੱਗੇ ਹੋਏ ਹਨ। ਇਨ੍ਹਾਂ ਮੀਟਰਾਂ ਨੂੰ ਚਾਲੂ ਰੱਖਣ ਅਤੇ ਕੋਈ ਕਾਰਵਾਈ ਨਾ ਕਰਨ ਦੇ ਬਦਲੇ ਮੁਲਜ਼ਮ ਨੇ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।
ਸ਼ਿਕਾਇਤਕਰਤਾ ਰਿਸ਼ਵਤ ਦੇਣ ਦੇ ਪੱਖ ‘ਚ ਨਹੀਂ ਸੀ, ਇਸ ਲਈ ਉਸ ਨੇ ਅਧਿਕਾਰੀ ਨਾਲ ਹੋਈ ਸਾਰੀ ਗੱਲਬਾਤ ਆਪਣੇ ਫ਼ੋਨ ‘ਚ ਰਿਕਾਰਡ ਕਰ ਲਈ ਅਤੇ ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਤੱਕ ਪਹੁੰਚ ਕੀਤੀ। ਵਿਜੀਲੈਂਸ ਦੀ ਟੀਮ ਨੇ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਜਾਲ ਵਿਛਾਇਆ ਅਤੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ‘ਚ ਹਰਦੀਪ ਸਿੰਘ ਨੂੰ ਸ਼ਿਕਾਇਤਕਰਤਾ ਤੋਂ ਪੈਸੇ ਲੈਂਦਿਆਂ ਦਬੋਚ ਲਿਆ।
ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵੱਲੋਂ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਇਸ ਖੇਡ ‘ਚ ਕੋਈ ਹੋਰ ਵੀ ਸ਼ਾਮਲ ਹੈ।
Read More : ਭਗਵੰਤ ਮਾਨ ਦੀ ਅਗਵਾਈ ‘ਚ ਪੰਜਾਬ ‘ਚ ਪਾਰਦਰਸ਼ੀ ਸ਼ਾਸਨ ਦੀ ਨਵੀਂ ਮਿਸਾਲ ਕਾਇਮ ਹੋਈ : ਬਰਿੰਦਰ ਗੋਇਲ
