Rajindra Gymkhana Club

ਰਾਜਿੰਦਰਾ ਜਿੰਮਖਾਨਾ ਕਲੱਬ ’ਚ ਲੱਖਾਂ ਦਾ ਘਪਲਾ, ਮਚਿਆ ਘਸਮਾਨ

ਦੋ ਐਡੀਟਰਾਂ ਖਿਲਾਫ ਧੋਖਾਧੜੀ ਦਾ ਕੇਸ ਦਰਜ

– ਕਲੱਬ ਪ੍ਰਧਾਨ ਦੀਪਕ ਕੰਪਾਨੀ ਤੇ ਮੀਤ ਪ੍ਰਧਾਨ ਵਿਕਾਸ ਪੁਰੀ ਦੀ ਅਰਜੀ ’ਤੇ ਹੋਈ ਕਾਰਵਾਈ

ਪਟਿਆਲਾ, 15 ਸਤੰਬਰ : ਉਤਰੀ ਭਾਰਤ ਦੇ ਨਾਮਵਰ ਪਟਿਆਲਾ ਸਥਿਤ ਰਾਜਿੰਦਰਾ ਜਿੰਮਖਾਨਾ ਐਂਡ ਮਹਿੰਦਰਾ ਕਲੱਬ ਵਿਚ ਹੋਏ ਲੱਖਾਂ ਰੁਪਏ ਦੇ ਘਪਲੇ ਨੇ ਪੂਰੀ ਤਰ੍ਹਾਂ ਘਸਮਾਨ ਮਚਾ ਦਿੱਤਾ ਹੈ। ਕਲੱਬ ਦੇ ਵੀ. ਵੀ. ਆਈ. ਪੀ. ਮੈਂਬਰ ਵੀ ਇਸ ਗੱਲ ਨੂੰ ਲੈ ਕੇ ਹੈਰਾਨ ਹਨ ਕਿ ਇਹ ਆਖਿਰ ਕਿਸ ਤਰ੍ਹਾਂ ਹੋ ਗਿਆ। ਉਧਰੋ ਕਲੱਬ ਦੇ ਮੌਜੂਦਾ ਪ੍ਰਧਾਨ ਦੀਪਕ ਕੰਪਾਨੀ ਤੇ ਮੀਤ ਪ੍ਰਧਾਨ ਵਿਕਾਸ ਪੁਰੀ ਨੇ ਘਪਲਾ ਕਰਨ ਵਾਲੇ ਦੋ ਐਡੀਟਰਾਂ ਖਿਲਾਫ ਪਟਿਆਲਾ ਵਿਖੇ ਧੋਖਾਧੜੀ ਦਾ ਕੇਸ ਦਰਜ ਕਰਵਾਇਆ ਹੈ।

ਰਾਜਿੰਦਰਾ ਜਿੰਮਖਾਨਾ ਐਂਡ ਮਹਿੰਦਰਾ ਕਲੱਬ ਵਿਚ ਲੰਬੇ ਸਮੇਂ ਤੋਂ ਗੋਇਲ ਐਂਡ ਐਸੋਸੀਏਟ ਕੰਪਨੀ ਅਤੇ ਇਕ ਹੋਰ ਕੰਪਨੀ ਗੋਇਲ ਮਹਾਜਨ ਐਂਡ ਐਸੋਸੀਏਟ ਸਮੁੱਚੇ ਸਾਲ ਦੇ ਲੱਖਾਂ ਰੁਪਏ ਦੇ ਲੈਣ-ਦੇਣ ਦਾ ਬਤੌਰ ਸੀਏ ਕੰਮਕਾਜ ਦੇਖਦੀ ਸੀ। ਇਨ੍ਹਾਂ ਕੰਪਨੀਆਂ ਦੇ ਪ੍ਰੋਪਰਾਈਟਰ ਅਸ਼ੋਕ ਗੋਇਲ, ਨੀਰਜ ਜਿੰਦਲ ਤੇ ਰਾਜੀਵ ਗੋਇਲ ਹਨ, ਜਿਹੜੇ ਕਿ ਬਤੌਰ ਐਡੀਟਰ ਤੇ ਸੀਏ ਸਮੁੱਚੇ ਕਲੱਬ ਦਾ ਫਾਈਨਾਂਸ਼ੀਅਲ ਸਿਸਸਟਮ ਦੇਖਦੇ ਸਨ।

ਇਨ੍ਹਾਂ ਪ੍ਰੋਪਰਾਈਟਰ ਨੇ ਆਪਸ ਵਿਚ ਮਿਲੀਭੁਗਤ ਕਰ ਕੇ ਧੋਖਾਧੜੀ ਕਰਦੇ ਹੋਏ ਰਾਜਿੰਦਰਾ ਜਿੰਮਖਾਨਾ ਐਂਡ ਮਹਿੰਦਰਾ ਕਲੱਬ ਤੇ ਮੋਟੇ ਪੈਸੇ ਹੜਪ ਕਰ ਲਏ ਤੇ ਕਲੱਬ ਦੇ ਖਾਤੇ ਵਿਚੋਂ ਗੋਇਲ ਮਹਾਜਨ ਐਂਡ ਐਸੋਸੀਏਟ ਕੰਪਨੀ ਵਿਚ 5 ਲੱਖ 21 ਹਜ਼ਾਰ 663 ਰੁਪਏ ਦੀ ਰਕਮ ਬਿਨਾ ਕਿਸੇ ਇਜਾਜ਼ਤ ਤੋਂ ਸਿਫਟ ਕਰ ਲਈ। ਇਸ ਤੋਂ ਬਿਨਾਂ ਵੱਖ-ਵੱਖ ਤਰੀਖਾਂ ਵਿਚ ਹੋਰ ਵੀ ਲੱਖਾਂ ਰੁਪਏ ਸਿਫਟ ਹੋਏ ਹਨ।

ਇਥੇ ਹੀ ਬਸ ਨਹੀਂ ਗੋਇਲ ਐਂਡ ਐਸੋਸੀਏਟ ਦੇ ਪ੍ਰੋੋਪਰਾਈਟਰ ਅਸ਼ੋਕ ਗੋਇਲ, ਨੀਰਜ ਕੁਮਾਰ ਆਦਿ ਨੇ ਆਪਣੀ ਆਡੀਟ ਦੀ ਇਕ ਸਾਲ ਦੀ ਫੀਸ ਡੇਢ ਲੱਖ ਤੋਂ ਵਧਾ ਕੇ 1 ਲੱਖ 80 ਹਜ਼ਾਰ ਕਰ ਲਈ ਤੇ ਫਿਰ ਟੈਕਸਾਂ ਸਮੇਤ 1 ਲੱਖ 93 ਹਜ਼ਾਰ ਕਰ ਲਈ ਤੇ ਫਿਰ ਕਲੱਬ ਦੇ ਖਾਤੇ ’ਚੋਂ ਪੈਸੇ ਟਰਾਂਸਫਰ ਕਰ ਲਏ।

ਗੋਇਲ ਐਂਡ ਐਸੋਸੀਏਟ ਕੰਪਨੀਆਂ ਦੇ ਇਨ੍ਹਾਂ ਪ੍ਰੋਪਰਾਟੀਟਰਜ਼ ਨੇ ਕਲੱਬ ਨੂੰ ਗੁੰਮਰਾਹ ਕਰਦੇ ਹੋਏ ਰਜਿਸਟ੍ਰੇਸ਼ਨ ਹਾਊਸ ਅਤੇ ਕਾਊਟਿੰਗ ਹਾਊਸ ਦੇ ਨਾਮ ਫਰਜ਼ੀ ਬਿੱਲ ਰਿਕਾਰਡ ਐਂਟਰੀਆਂ ਵਿਚ ਪਾ ਦਿੱਤੇ ਅਤੇ ਇਹ ਫਰਾਡ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜਾਰੀ ਹੈ।

ਜਦੋੋ 19-10-2024 ਨੂੰ ਦੀਪਕ ਕੰਪਾਨੀ ਦੀ ਅਗਵਾਈ ਵਿਚ ਰਾਜਿੰਦਰਾ ਜਿੰਮਖਾਨਾ ਐਂਡ ਮਹਿੰਦਰਾ ਕਲੱਬ ਦਾ ਨਵੀਂ ਮੈਨੇਜਮੈਂਟ ਨੇ ਚਾਰਜ ਸੰਭਾਲਿਆ ਤਾਂ ਉਸੇ ਦਿਨ ਕਲੱਬ ਦੀ ਏ. ਜੀ. ਐੱਮ. ਵਿਚ ਇਨ੍ਹਾਂ ਐਡੀਟਰਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਅਤੇ ਨਵੇਂ ਐਡੀਟਰ-ਕਮ-ਸੀਏ ਲਗਾਉਣ ਲਈ ਵੀ ਮਤਾ ਪਾਸ ਕੀਤਾ ਗਿਆ ਸੀ।

ਉਸ ਤੋਂ ਬਾਅਦ ਇਨ੍ਹਾਂ ਦੋਵੇ ਕੰਪਨੀਆਂ ਦੇ ਅਸ਼ੋਕ ਗੋਇਲ, ਨੀਰਜ ਜਿੰਦਲ ਅਤੇ ਹੋਰ ਆਪਣੀ ਇਹ ਬਰਖਾਸਤੀ ਰੋਕਣ ਲਈ ਆਰ. ਓ. ਸੀ. ਕੋਲ ਚਲੇ ਗਏ ਅਤੇ ਇਨਾਂ ਨੇ ਬਰਖਾਸਤਗੀ ਤੋਂ ਬਾਅਦ ਵੀ ਕਲੱਬ ਦੀ ਮੈਨੇਜਮੈਂਟ ਨੂੰ ਹਿਸਾਬ ਕਿਤਾਬ ਨਹੀਂ ਦਿੱਤਾ। ਇਸ ਤੋਂ ਬਾਅਦ ਕਲੱਬ ਦੀ ਮੈਨੇਜਮੈਂਟ ਕਮੇਟੀ ’ਚੋਂ 12 ਵਿਚੋਂ 9 ਮੈਂਬਰਾਂ ਨੇ ਸਰਬਸੰਮਤੀ ਨਾਲ ਮਤਾ ਪਾ ਕੇ ਇਨ੍ਹਾਂ ਖਿਲਾਫ ਕਾਰਵਾਈ ਆਰੰਭੀ ਅਤੇ ਕਲੱਬ ਦੇ ਮੌਜੂਦਾ ਪ੍ਰਧਾਨ ਦੀਪਕ ਕੰਪਾਨੀ ਤੇ ਮੀਤ ਪ੍ਰਧਾਨ ਵਿਕਾਸ ਪੁਰੀ ਆਪਣਾ ਪੂਰਾ ਕੇਸ ਲੈ ਕੇ ਪਟਿਆਲਾ ਦੇ ਐੱਸ. ਐੱਸ. ਪੀ. ਕੋਲ ਪੁੱਜੇ।

ਐੱਸ. ਐੱਸ. ਪੀ. ਪਟਿਆਲਾ ਨੇ ਇਸ ਕੇਸ ਨੂੰ ਗੰਭੀਰਤਾ ਨਾਲ ਲੈਂਦੇ ਇਸਦੀ ਜਾਂਚ ਇਕ ਸੀਨੀਅਰ ਆਈ. ਪੀ. ਐੱਸ. ਨੂੰ ਮਾਰਕ ਕੀਤੀ। ਇਸ ਜਾਂਚ ਵਿਚ ਸਪੱਸ਼ਟ ਪਾਇਆ ਗਿਆ ਕਿ ਇਨ੍ਹਾਂ ਵਿਅਕਤੀਆਂ ਨੇ ਕਲੱਬ ਨਾਲ ਲੱਖਾਂ ਰੁਪਏ ਦਾ ਧੋਖਾ ਕੀਤਾ ਹੈ, ਜਿਸ ਤੋਂ ਬਾਅਦ ਪਟਿਆਲਾ ਪੁਲਸ ਨੇ ਅਸ਼ੋਕ ਗੋਇਲ, ਨੀਰਜ ਜਿੰਦਲ ਅਤੇ ਇਨ੍ਹਾਂ ਦੀਆਂ ਕੰਪਨੀਆਂ ਗੋੋਇਲ ਮਹਾਜਨ ਐਂਡ ਐਸੋੋਸੀਏਟ ਤੇ ਦੂਸਰੀ ਫਰਮ ਖਿਲਾਫ ਧੋਖਾਧੜੀ ਅਤੇ ਰਿਕਾਰਡ ਨਾਲ ਛੇੜਛਾੜ ਦੇ ਜੁਰਮ ਵਿਚ ਵੱਖ-ਵੱਖ ਧਾਰਾਵਾਂ ਤਹਿਤ ਧੋਖਾਧੜੀ, ਰਿਕਾਰਡ ਨਾਲ ਛੇੜਛਾੜ ਕਰਨ ਦਾ ਕੇਸ ਲੰਘੇ ਕੱਲ ਪਟਿਆਲਾ ਵਿਖੇ ਦਰਜ ਕਰ ਲਿਆ ਹੈ।

ਕਲੱਬ ਵਿਚ ਹੋੋਏ ਇਨੇ ਵੱਡੇ ਫਰਾਡ ਕਾਰਨ ਵੱਡੀ ਹਲਚਲ ਦਾ ਮਾਹੌਲ ਹੈ। ਉਧਰੋ ਪਟਿਆਲਾ ਪੁਲਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕੇਸ ਪੂਰੀ ਜਾਂਚ ਉਪਰੰਤ ਦਰਜ ਕੀਤਾ ਹੈ ਤੇ ਦੋਸ਼ੀਆਂ ਨੂੰ ਬਹੁਤ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

ਜਾਂਚ ਦਾ ਦਾਇਰਾ ਹੋਰ ਅੱਗੇ ਵਧੇਗਾ : ਪੁਲਸ ਨੇ 2015 ਤੋਂ ਲੈ ਕੇ ਅੱਜ ਤੱਕ ਦਾ ਮੁਕੰਮਲ ਰਿਕਾਰਡ ਮੰਗਿਆ

ਪੰਜਾਬ ਪੁਲਸ ਨੇ ਐੱਫ. ਆਈ. ਆਰ. ਦਰਜ ਕਰ ਕੇ ਰਾਜਿੰਦਰਾ ਜਿੰਮਖਾਨਾ ਐਂਡ ਮਹਿੰਦਰਾ ਕਲਬ ਦੀ ਮੌਜੁੂਦਾ ਮੈਨੇਜਮੈਂਟ ਨੂੰ ਬਾਊਡ ਕਰ ਦਿੱਤਾ ਹੈ ਅਤੇ ਆਦੇਸ਼ ਦਿੱਤੇ ਹਨ ਕਿ ਸਾਲ 2015 ਤੋਂ ਲੈ ਕੇ ਅੱਜ ਤੱਕ ਲਗਭਗ 10 ਸਾਲ ਦਾ ਮੁਕੰਮਲ ਰਿਕਾਰਡ ਪੰਜਾਬ ਪੁਲਸ ਕੋਲ ਪੇਸ਼ ਕੀਤਾ ਜਾਵੇ। ਇਨ੍ਹਾਂ 10 ਸਾਲਾਂ ਵਿਚ ਕਲੱਬ ਵਿਚ ਹਰ ਸਾਲ ਕਰੋੜਾਂ ਰੁਪਏ ਦੇ ਕੰਮ ਕਿਹੜੇ ਹੋਏ ਹਨ, ਕਿਸ ਤਰ੍ਹਾਂ ਹੋਏ ਹਨ, ਖਰਚੇ ਕਿਥੇ ਹੋਏ ਹਨ, ਕਿਥੋ ਇਨਕਮ ਆਈ ਹੈ।

ਪੰਜਾਬ ਪੁਲਸ ਦੇ ਦੋ ਸੀਨੀਅਰ ਅਧਿਕਾਰੀਆਂ ਨੇ ਜਾਂਚ ਉਪਰੰਤ ਪਾਇਆ ਹੈ ਕਿ ਇਹ ਗੱਲ ਲੱਖਾਂ ਵਿਚ ਨਹੀਂ, ਇਥੇ ਘਪਲਾ ਕਰੋੜਾ ਰੁਪਏ ਵਿਚ ਹੈ। ਪੰਜਾਬ ਪੁਲਸ ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਵਿਚ ਲੱਗੀ ਹੋਈ ਹੈ। ਪੁਲਸ ਦੀ ਐੱਫ. ਆਈ. ਆਰ. ਨਾਲ ਕਈ ਵੱਡੇ ਮਗਰਮੱਛ ਕਾਬੂ ਹੋੋਣ ਦੀ ਸੰਭਾਵਨਾ ਵੀ ਬਣਦੀ ਹੈ, ਜਿਨ੍ਹਾਂ ਨੇ ਇਥੇ ਘਪਲੇ ਕੀਤੇ ਹਨ। ਕਲੱਬ ਦੇ ਪੁਰਾਣੇ ਮੈਨੇਜਮੈਂਟ ਦੇ ਕਈ ਅਧਿਕਾਰੀਆਂ ਵਿਚ ਵੱਡੀ ਘੁਸਰ ਮੁਸਰ ਚਲ ਰਹੀ ਹੈ। ਜੇਕਰ ਪੰਜਾਬ ਪੁਲਸ ਪਿਛਲੇ 10 ਸਾਲਾਂ ਦੇ ਰਿਕਾਰਡ ਦੀ ਜਾਂਚ ਸਹੀ ਢੰਗ ਨਾਲ ਕਰ ਗਈ ਤਾਂ ਸਚਮੁਚ ਹੀ ਇਹ ਘਪਲੇ ਕਰੋੜਾਂ ਵਿਚ ਪੁੱਜਣਗੇ।

ਸਾਨੂੰ ਪੁਲਸ ਨੇ ਬੁਲਾਇਆ ਸੀ, ਅਸੀਂ ਆਪਣਾ ਪੱਖ ਰੱਖ ਆਏ ਹਾਂ : ਦੀਪਕ ਕੰਪਾਨੀ

ਰਾਜਿੰਦਰਾ ਜਿੰਮਖਾਨਾ ਐਂਡ ਮਹਿੰਦਰਾ ਕਲੱਬ ਦੇ ਮੌਜੂਦਾ ਪ੍ਰਧਾਨ ਦੀਪਕ ਕੰਪਾਨੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਆਖਿਆ ਕਿ ਕਲੱਬ ਦੇ ਸਮੁੱਚੇ ਫਾਈਨਾਂਸ ਦਾ ਆਡੀਟ ਕਰਨ ਵਾਲੀਆਂ ਇਹ ਦੋਵੇ ਕੰਪਨੀਆਂ ਪਿਛਲੇ ਤਿੰਨ ਦਹਾਕਿਆਂ ਤੋਂ ਕਲੱਬ ਵਿਚ ਗੋਲ ਮੋਲ ਕਰ ਰਹੀਆਂ ਹਨ। ਜਦੋਂ ਅਕਤੂਬਰ 2024 ਵਿਚ ਸਾਡੀ ਮੈਨੇਜਮੈਂਟ ਆਈ, ਸਾਨੂੰ ਸਮੁੱਚੇ ਕਲੱਬ ਦੇ ਮੈਂਬਰਾਂ ਨੇ ਪੂਰੇ ਬਹੁਮਤ ਨਾਲ ਚੁਣਿਆ ਤਾਂ ਉਸੇ ਦਿਨ ਹੀ ਫੈਸਲਾ ਹੋਇਆ ਸੀ ਕਿ ਅਸੀਂ ਇਕ ਨਵੀਂ ਟੀਮ ਐਡੀਟਰਾਂ ਦੀ ਲੈ ਕੇ ਆਵਾਂਗੇ ਤੇ ਇਨ੍ਹਾਂ ਨੂੰ ਬਰਖਾਸਤ ਕੀਤਾ ਗਿਆ ਸੀ।

ਉਨ੍ਹਾਂ ਆਖਿਆ ਕਿ ਇਸਦੇ ਬਾਵਜੂਦ ਵੀ ਇਨ੍ਹਾਂ ਦੋਵੇ ਫਰਮਾਂ ਨੇ ਕਲੱਬ ਦੀ ਮੈਨੇਜਮੈਂਟ ਨੂੰ ਸਾਰਾ ਰਿਕਾਰਡ ਨਹੀਂ ਸੌਂਪਿਆ ਸਗੋੋ ਕਲੱਬ ਦੇ 8 ਡਾਇਰੈਕਟਰਾਂ ਖਿਲਾਫ ਪਟਿਆਲਾ ਪੁਲਸ ਕੋਲ ਅਰਜੀ ਦੇ ਦਿੱਤੀ ਤੇ ਨਾਲ ਆਰ. ਓ. ਸੀ. ਕੋਲ ਚਲੇ ਗਏ। ਜਦੋਂ ਸਾਨੂੰ ਪੁਲਸ ਨੇ ਬੁਲਾਇਆ ਤਾਂ ਅਸੀਂ ਸਮੁੱਚਾ ਰਿਕਾਰਡ ਉਨ੍ਹਾਂ ਸਾਹਮਣੇ ਪੇਸ਼ ਕੀਤਾ, ਜਿਸ ਵਿਚ ਇਹ ਲੱਖਾਂ ਦੇ ਘਪਲੇ ਤਾਂ ਪਹਿਲੇ ਸਟੈਪ ਵਿਚ ਹੀ ਸਾਹਮਦੇ ਆ ਗਏ।

ਉਨ੍ਹਾਂ ਆਖਿਆ ਕਿ ਅਸੀਂ ਇਸ ਵਿਚ ਕੁਝ ਨਹੀਂ ਕਰ ਰਹੇ, ਜੋ ਸਾਡੇ ਕੋਲੋਂ ਪੁਲਸ ਨੇ ਮੰਗਿਆ ਸੀ, ਅਸੀਂ ਪੁਲਸ ਨੂੰ ਦਿੱਤਾ ਤੇ ਇਨ੍ਹਾਂ ਫਰਮਾਂ ਦੇ ਖਿਲਾਫ ਧੋਖਾਧੜੀ ਦਾ ਕੇਸ ਦਰਜ ਹੋ ਗਿਆ। ਉਨ੍ਹਾਂ ਆਖਿਆ ਕਿ ਕਲੱਬ ਨਾਲ ਹਜ਼ਾਰਾਂ ਮੈਂਬਰ ਜੁੜੇ ਹੋਏ ਹਨ।

Read More : ਵਿਧਾਇਕ ਰੰਧਾਵਾ ਨੇ ਧੁੱਸੀ ਬੰਨ੍ਹ ਦੇ ਪਾੜ ਨੂੰ ਭਰਨ ਦੇ ਕੰਮ ਦਾ ਲਿਆ ਜਾਇਜ਼ਾ

Leave a Reply

Your email address will not be published. Required fields are marked *