ਸਰਸ ਮੇਲਾ1

ਸਰਸ ਮੇਲਾ : ਪੁਰਾਣੇ ਝੂਲਿਆਂ ਨੇ ਫਿਰ ਪਾਈ ਬੱਚਿਆਂ ਦੀ ਜਾਨ ਜੋਖ਼ਮ ‘ਚ

ਇਕ ਘੰਟੇ ਦੀ ਭਾਰੀ ਜੱਦੋ-ਜਹਿਦ ਤੋਂ ਬਾਅਦ ਬੱਚਿਆਂ ਨੂੰ ਸੁਰੱਖਿਅਤ ਉਤਾਰਿਆ ਹੇਠਾਂ; ਪ੍ਰਸ਼ਾਸਨਿਕ ਚੁੱਪ ’ਤੇ ਉੱਠੇ ਸਵਾਲ

ਪਟਿਆਲਾ, 28 ਫਰਵਰੀ : ਪਟਿਆਲਾ ਵਿਖੇ ਚੱਲ ਰਹੇ ਖੇਤਰੀ ਸਰਸ ਮੇਲੇ ’ਚ ਅੱਜ ਉਸ ਸਮੇਂ ਵੱਡਾ ਹਾਦਸਾ ਹੋਣੋਂ ਬਚ ਗਿਆ, ਜਦੋਂ ਮੇਲੇ ’ਚ ਲੱਗਿਆ ਇਕ ਵੱਡਾ ਝੂਲਾ ਅਚਾਨਕ ਤਕਨੀਕੀ ਖ਼ਰਾਬੀ ਕਾਰਨ ਵਿਚਕਾਰ ਹੀ ਫਸ ਗਿਆ। ਇਸ ਘਟਨਾ ਕਾਰਨ ਝੂਲੇ ਵਿਚ ਸਵਾਰ ਕਈ ਬੱਚਿਆਂ ਦੀਆਂ ਜਾਨਾਂ ਜੋਖ਼ਮ ’ਚ ਪੈ ਗਈਆਂ, ਜਿਸ ਕਾਰਨ ਮੇਲੇ ’ਚ ਹੜਕੰਪ ਮਚ ਗਿਆ ਅਤੇ ਬੱਚਿਆਂ ਦੇ ਮਾਪਿਆਂ ਵਿੱਚ ਦਹਿਸ਼ਤ ਫੈਲ ਗਈ। ਲਗਭਗ ਇਕ ਘੰਟੇ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਲੋਕਾਂ ਅਤੇ ਮੇਲਾ ਕਰਮਚਾਰੀਆਂ ਵੱਲੋਂ ਬੱਚਿਆਂ ਨੂੰ ਸੁਰੱਖਿਅਤ ਹੇਠਾਂ ਉਤਾਰਿਆ ਗਿਆ।

ਮੌਕੇ ’ਤੇ ਮੌਜੂਦ ਲੋਕਾਂ ਨੇ ਪ੍ਰਸ਼ਾਸਨ ਵਿਰੁੱਧ ਗੁੱਸਾ ਜ਼ਾਹਿਰ ਕਰਦਿਆਂ ਮੰਗ ਕੀਤੀ ਹੈ ਕਿ ਮੇਲੇ ਵਿੱਚ ਪੁਰਾਣੇ ਅਤੇ ਖ਼ਸਤਾ ਹਾਲ ਝੂਲੇ ਲਗਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਅਜਿਹਾ ਹਾਦਸਾ ਵਾਪਰਿਆ ਸੀ ਪਰ ਇਸ ਦੇ ਬਾਵਜੂਦ ਸਬੰਧਤ ਅਧਿਕਾਰੀ ਮੋਨ ਧਾਰੀ ਬੈਠੇ ਹਨ। ਲੋਕਾਂ ’ਚ ਇਹ ਚਰਚਾ ਰਹੀ ਕਿ ਆਖ਼ਰ ਇਨ੍ਹਾਂ ਝੂਲਿਆਂ ਦੀ ਸੁਰੱਖਿਆ ਟੈਸਟਿੰਗ ਕਿਉਂ ਨਹੀਂ ਕੀਤੀ ਗਈ ਅਤੇ ਇਹ ਠੇਕੇਦਾਰ ਕੌਣ ਹਨ ਜੋ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੇ ਹਨ।

ਇਸ ਤੋਂ ਇਲਾਵਾ ਲੋਕਾਂ ਨੇ ਝੂਲਿਆਂ ਦੀਆਂ ਮੋਟੀਆਂ ਫੀਸਾਂ ਨੂੰ ਲੈ ਕੇ ਵੀ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਸਰਕਾਰੀ ਮੇਲਾ ਹੋਣ ਦੇ ਨਾਤੇ ਹਰ ਚੀਜ਼ ਦੇ ਰੇਟ ਤੈਅ ਹੋਣੇ ਚਾਹੀਦੇ ਹਨ, ਪਰ ਇੱਥੇ ਮਨਮਾਨੇ ਰੇਟ ਵਸੂਲੇ ਜਾ ਰਹੇ ਹਨ। ਅੱਜ ਜਦੋਂ ਇਕ ਦਰਜਨ ਦੇ ਕਰੀਬ ਬੱਚੇ ਝੂਲੇ ਵਿੱਚ ਫਸੇ ਰਹੇ, ਤਾਂ ਪਰਮਾਤਮਾ ਦਾ ਸ਼ੁਕਰ ਰਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਬੱਚਿਆਂ ਨੂੰ ਸਹੀ-ਸਲਾਮਤ ਮਾਪਿਆਂ ਹਵਾਲੇ ਕਰ ਦਿੱਤਾ ਗਿਆ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਭਵਿੱਖ ਵਿੱਚ ਅਜਿਹੇ ਮੇਲਿਆਂ ਵਿੱਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਯਕੀਨੀ ਬਣਾਏ ਜਾਣ।

Read More : ਅੰਮ੍ਰਿਤਸਰ ਹਵਾਈ ਅੱਡੇ ’ਤੇ 89.33 ਲੱਖ ਰੁਪਏ ਦੇ ਆਈਫੋਨ ਜ਼ਬਤ

Leave a Reply

Your email address will not be published. Required fields are marked *