ਤਲਾਕ ਤੋਂ ਬਿਨਾਂ ਨਿਕਾਹ ਕਰਨਾ ਕਾਨੂੰਨ ਦੇ ਉਲਟ
ਕਰਨਲ ਸਿੰਘ ਨੇ ਪਤਨੀ ਨੂੰ ਭਾਰਤ ਵਾਪਸ ਭੇਜਣ ਅਤੇ ਨਾਸਿਰ ਵਿਰੁੱਧ ਕਾਰਵਾਈ ਦੀ ਕੀਤੀ ਅਪੀਲ
ਲਾਹੌਰ, 25 ਫਰਵਰੀ : ਪਾਕਿਸਤਾਨ ’ਚ ਆਪਣੇ ਮੁਸਲਿਮ ਪ੍ਰੇਮੀ ਨਾਲ ਰਹਿ ਰਹੀ ਭਾਰਤੀ ਮਹਿਲਾ ਸਰਬਜੀਤ ਕੌਰ ਦੇ ਭਾਰਤੀ ਪਤੀ ਕਰਨਲ ਸਿੰਘ ਨੇ ਲਾਹੌਰ ਦੀ ਉੱਚ ਅਦਾਲਤ (ਹਾਈ ਕੋਰਟ) ’ਚ ਇਕ ਪਟੀਸ਼ਨ ਦਾਇਰ ਕਰ ਕੇ ਆਪਣੀ ਪਤਨੀ ਦੇ ਦੂਜੇ ਵਿਆਹ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਕਰਨਲ ਸਿੰਘ ਦਾ ਦੋਸ਼ ਹੈ ਕਿ ਸਰਬਜੀਤ ਕੌਰ ਨੇ ਉਸ ਨੂੰ ਬਿਨਾਂ ਦੱਸੇ ਪਾਕਿਸਤਾਨ ਜਾ ਕੇ ਨਾਸਿਰ ਹੁਸੈਨ ਨਾਲ ਨਿਕਾਹ ਕਰ ਲਿਆ ਹੈ, ਜੋ ਕਿ ਕਾਨੂੰਨੀ ਅਤੇ ਨੈਤਿਕ ਤੌਰ ‘ਤੇ ਗ਼ਲਤ ਹੈ।
ਕਰਨਲ ਸਿੰਘ ਦੇ ਵਕੀਲ ਅਲੀ ਚੰਗੇਜ਼ੀ ਸੰਧੂ ਨੇ ਅਦਾਲਤ ’ਚ ਦੱਸਿਆ ਕਿ ਸਰਬਜੀਤ ਕੌਰ ਨੇ ਭਾਰਤ ’ਚ ਰਹਿੰਦੇ ਆਪਣੇ ਪਤੀ ਤੋਂ ਤਲਾਕ ਲਏ ਬਿਨਾਂ ਹੀ ਇਸਲਾਮ ਧਰਮ ਅਪਣਾ ਕੇ ਦੂਜਾ ਵਿਆਹ ਕੀਤਾ ਹੈ। ਪਾਕਿਸਤਾਨੀ ਕਾਨੂੰਨ ਅਤੇ ਸ਼ਰੀਅਤ ਮੁਤਾਬਕ, ਇਕ ਵਿਆਹੁਤਾ ਗੈਰ-ਮੁਸਲਿਮ ਔਰਤ ਨੂੰ ਕਿਸੇ ਮੁਸਲਿਮ ਮਰਦ ਨਾਲ ਵਿਆਹ ਕਰਨ ਤੋਂ ਪਹਿਲਾਂ ਆਪਣੇ ਦੇਸ਼ ਦੀ ਅਦਾਲਤ ਤੋਂ ਤਲਾਕ ਲੈਣਾ ਜ਼ਰੂਰੀ ਹੁੰਦਾ ਹੈ। ਵਕੀਲ ਨੇ ਦਾਅਵਾ ਕੀਤਾ ਕਿ ਅਜਿਹੀ ਸਥਿਤੀ ’ਚ ਦੂਜਾ ਵਿਆਹ ਗੈਰ-ਕਾਨੂੰਨੀ ਹੈ ਅਤੇ ਨਾਸਿਰ ਹੁਸੈਨ ਵਿਰੁੱਧ ਅਪਰਾਧਿਕ ਮਾਮਲਾ ਦਰਜ ਹੋਣਾ ਚਾਹੀਦਾ ਹੈ।
ਕਰਨਲ ਸਿੰਘ ਨੇ ਮੰਗ ਕੀਤੀ ਹੈ ਕਿ ਉਸ ਦੀ ਪਤਨੀ ਨੂੰ ਤੁਰੰਤ ਭਾਰਤ ਵਾਪਸ ਭੇਜਿਆ ਜਾਵੇ ਅਤੇ ਨਾਸਿਰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਅਰਜ਼ੀ ’ਚ ਜ਼ਬਰਦਸਤੀ ਧਰਮ ਪਰਿਵਰਤਨ ਅਤੇ ਨਿੱਜੀ ਫੋਟੋਆਂ ਤੇ ਵੀਡੀਓਜ਼ ਦੀ ਦੁਰਵਰਤੋਂ ਦੇ ਦੋਸ਼ ਵੀ ਲਗਾਏ ਗਏ ਹਨ। ਅਦਾਲਤ ਨੂੰ ਬੇਨਤੀ ਕੀਤੀ ਗਈ ਹੈ ਕਿ ਫੈਸਲਾ ਆਉਣ ਤੱਕ ਸਰਬਜੀਤ ਨੂੰ ਮਹਿਲਾ ਆਸਰਾ ਘਰ ’ਚ ਰੱਖਿਆ ਜਾਵੇ।
ਜ਼ਿਕਰਯੋਗ ਹੈ ਕਿ ਸਰਬਜੀਤ ਕੌਰ 4 ਨਵੰਬਰ 2025 ਨੂੰ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਗਈ ਸੀ ਪਰ ਨਿਰਧਾਰਿਤ ਸਮੇਂ ’ਤੇ ਵਾਪਸ ਨਹੀਂ ਆਈ। ਉਸ ਨੇ ਸ਼ੇਖੂਪੁਰਾ ਦੇ ਨਾਸਿਰ ਹੁਸੈਨ ਨਾਲ ਨਿਕਾਹ ਕਰ ਲਿਆ। ਪਾਕਿਸਤਾਨੀ ਪੰਜਾਬ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਅਨੁਸਾਰ ਖ਼ੁਫੀਆ ਏਜੰਸੀਆਂ ਨੇ 4 ਜਨਵਰੀ ਨੂੰ ਉਨ੍ਹਾਂ ਦੀ ਮੌਜੂਦਗੀ ਦਾ ਪਤਾ ਲਗਾਇਆ ਸੀ। ਹੁਣ ਅਦਾਲਤ ਵੱਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ ਕੀਤੀ ਜਾਵੇਗੀ।
Read More : ਸਰਹੱਦ ਪਾਰ ਸਮੱਗਲਿੰਗ ਨੈਟਵਰਕ ਦਾ ਪਰਦਾਫਾਸ਼, ਇਕ ਗ੍ਰਿਫਤਾਰ
