Sant Balbir Singh Seechewal

ਸੰਤ ਸੀਚੇਵਾਲ ਨੇ ਰਾਜ ਸਭਾ ’ਚ ਪੇਂਡੂ ਖੇਤਰਾਂ ਦੇ ਖੇਡ ਢਾਂਚੇ ਮਜ਼ਬੂਤ ਕਰਨ ਦਾ ਮੁੱਦਾ ਉਠਾਇਆ

ਓਲੰਪਿਕ ’ਚ ਸਭ ਤੋਂ ਵੱਧ ਖਿਡਾਰੀ ਦੇਣ ਵਾਲੇ ਸੂਬਿਆਂ ਨੂੰ ਮਿਲ ਰਿਹਾ ਨਿਗੁਣਾ ਬਜਟ, ਮੁਫ਼ਤ ਰੇਲ ਸਫ਼ਰ ਦੀ ਕੀਤੀ ਵਕਾਲਤ

ਚੰਡੀਗੜ੍ਹ, 25 ਮਾਰਚ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਿਫ਼ਰ ਕਾਲ ਦੌਰਾਨ ਦੇਸ਼ ਦੇ ਪੇਂਡੂ ਖੇਤਰਾਂ ’ਚ ਖੇਡ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਪੰਜਾਬ-ਹਰਿਆਣਾ ਨਾਲ ਹੋ ਰਹੇ ਵਿਤਕਰੇ ਦਾ ਗੰਭੀਰ ਮੁੱਦਾ ਉਠਾਇਆ। ਉਨ੍ਹਾਂ ਸਦਨ ’ਚ ਤੱਥ ਪੇਸ਼ ਕਰਦਿਆਂ ਕਿਹਾ ਕਿ ਦੇਸ਼ ਨੂੰ ਸਭ ਤੋਂ ਵੱਧ ਓਲੰਪੀਅਨ ਦੇਣ ਵਾਲੇ ਪੰਜਾਬ ਨਾਲ ਫੰਡਾਂ ਦੀ ਵੰਡ ’ਚ ਸਰਾਸਰ ਅਨਿਆਂ ਕੀਤਾ ਜਾ ਰਿਹਾ ਹੈ।

ਸੰਤ ਸੀਚੇਵਾਲ ਨੇ ਦੱਸਿਆ ਕਿ ਪੈਰਿਸ ਓਲੰਪਿਕ ’ਚ ਭਾਰਤ ਦੇ ਕੁੱਲ ਖਿਡਾਰੀਆਂ ’ਚੋਂ ਲਗਭਗ ਅੱਧੇ ਖਿਡਾਰੀ ਪੰਜਾਬ ਅਤੇ ਹਰਿਆਣਾ ਦੇ ਸਨ, ਪਰ ਫੰਡਾਂ ਦੇ ਮਾਮਲੇ ’ਚ ਇਨ੍ਹਾਂ ਨੂੰ ਪਿੱਛੇ ਧੱਕ ਦਿੱਤਾ ਗਿਆ।

ਉਨ੍ਹਾਂ ‘ਖੇਲੋ ਇੰਡੀਆ’ ਦੇ ਬਜਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਉੱਤਰ ਪ੍ਰਦੇਸ਼ ਨੂੰ 438 ਕਰੋੜ ਅਤੇ ਗੁਜਰਾਤ ਨੂੰ 426 ਕਰੋੜ ਰੁਪਏ ਦਿੱਤੇ ਗਏ, ਜਦਕਿ ਪੰਜਾਬ ਨੂੰ ਸਿਰਫ਼ 78 ਕਰੋੜ ਅਤੇ ਹਰਿਆਣਾ ਨੂੰ ਮਹਿਜ਼ 66 ਕਰੋੜ ਰੁਪਏ ਹੀ ਮਿਲੇ। ਉਨ੍ਹਾਂ ਇਸ ਨੂੰ ਖੇਡਾਂ ਅਤੇ ਖਿਡਾਰੀਆਂ ਦੇ ਭਵਿੱਖ ਨਾਲ ਖਿਲਵਾੜ ਦੱਸਿਆ।

ਖਿਡਾਰੀਆਂ ਦੀਆਂ ਸਹੂਲਤਾਂ ਦੀ ਗੱਲ ਕਰਦਿਆਂ ਸੰਤ ਸੀਚੇਵਾਲ ਨੇ ਮੰਗ ਕੀਤੀ ਕਿ ਕੋਵਿਡ ਦੌਰਾਨ ਬੰਦ ਕੀਤੀਆਂ ਗਈਆਂ ਰੇਲਵੇ ਰਿਆਇਤਾਂ ਮੁੜ ਸ਼ੁਰੂ ਕੀਤੀਆਂ ਜਾਣ। ਉਨ੍ਹਾਂ ਵਕਾਲਤ ਕੀਤੀ ਕਿ ਖਿਡਾਰੀਆਂ ਨੂੰ 100 ਫੀਸਦੀ ਮੁਫ਼ਤ ਰੇਲ ਸਫ਼ਰ ਦੀ ਸਹੂਲਤ ਮਿਲਣੀ ਚਾਹੀਦੀ ਹੈ ਕਿਉਂਕਿ ਉਹ ਦੇਸ਼ ਦਾ ਮਾਣ ਵਧਾਉਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇਸ਼ ਦੇ ਹਰ ਬਲਾਕ ’ਚ ਘੱਟੋ-ਘੱਟ ਪੰਜ ਐਸਟ੍ਰੋਟਰਫ਼ ਮੈਦਾਨ ਬਣਾਉਣ ਅਤੇ ਪੇਂਡੂ ਖੇਤਰਾਂ ’ਚ ਖੇਡ ਨਰਸਰੀਆਂ ਸਥਾਪਿਤ ਕਰਨ ਦੀ ਵੀ ਮੰਗ ਰੱਖੀ।

Read More : ਦਰਿੰਦਗੀ: 8 ਸਾਲਾ ਮਾਸੂਮ ਬੱਚੀ ਨਾਲ ਗੁਆਂਢੀ ਨੇ ਕੀਤਾ ਜ਼ਬਰ-ਜ਼ਨਾਹ

Leave a Reply

Your email address will not be published. Required fields are marked *