ਦੱਸਿਆ ਵਾਪਸੀ ਦਾ ਅਸਲ ਕਾਰਨ, ਕੈਲੀਫੋਰਨੀਆ ਯੂਨੀਵਰਸਿਟੀ ਦੇ ਪੜ੍ਹੇ ਨੌਜਵਾਨ ਨੇ ਪੰਜਾਬ ਦੀ ‘ਭਾਈਚਾਰਕ ਸਾਂਝ’ ਨੂੰ ਪੈਸੇ ਨਾਲੋਂ ਦੱਸਿਆ ਕੀਮਤੀ
ਚੰਡੀਗੜ੍ਹ, 15 ਫਰਵਰੀ : ਅੱਜ ਦੇ ਦੌਰ ’ਚ ਜਿੱਥੇ ਹਰ ਨੌਜਵਾਨ ਵਿਦੇਸ਼ ਜਾਣ ਦੇ ਸੁਪਨੇ ਵੇਖ ਰਿਹਾ ਹੈ, ਉੱਥੇ ਹੀ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਪੜ੍ਹੇ ਸੰਜਮ ਸਿੰਘ ਧਾਲੀਵਾਲ ਨੇ ਅਮਰੀਕਾ ਵਰਗੇ ਦੇਸ਼ ਨੂੰ ਛੱਡ ਕੇ ਵਾਪਸ ਆਪਣੇ ਪੰਜਾਬ ਆਉਣ ਦਾ ਫੈਸਲਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜਦੋਂ ਸੰਜਮ ਨੂੰ ਅਮਰੀਕਾ ਛੱਡਣ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਕੋਲ ਇਸ ਦਾ ਸਿਰਫ਼ ਇਕ ਸ਼ਬਦ ’ਚ ਜਵਾਬ ਸੀ— ‘ਭਾਈਚਾਰਕ ਸਾਂਝ’। ਸੰਜਮ ਨੇ ਪੰਜਾਬ ’ਚ ਰਹਿਣ ਦੇ ਸਕੂਨ ਅਤੇ ਜੀਵਨ ਦੀ ਸਹੂਲਤ ਨੂੰ ਪੈਸੇ ਨਾਲੋਂ ਜ਼ਿਆਦਾ ਕੀਮਤੀ ਦੱਸਿਆ ਹੈ।
ਉਸ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਅਮਰੀਕਾ ਅਤੇ ਭਾਰਤ ’ਚ ਕੰਮ ਕਰਨ ਦਾ ਤਰੀਕਾ ਬਿਲਕੁਲ ਵੱਖਰਾ ਹੈ। ਅਮਰੀਕਾ ’ਚ ਇਕ ਸਰਕਾਰੀ ਕੂੜੇ ਵਾਲੇ ਟਰੱਕ ਨੇ ਉਸ ਦੀ ਕਾਰ ਨੂੰ ਨੁਕਸਾਨ ਪਹੁੰਚਾਇਆ, ਪਰ ਨਾ ਤਾਂ ਪ੍ਰਸ਼ਾਸਨ ਨੇ ਅਤੇ ਨਾ ਹੀ ਬੀਮਾ ਕੰਪਨੀ ਨੇ ਉਸ ਦੀ ਕੋਈ ਮਦਦ ਕੀਤੀ। ਮੁਰੰਮਤ ਦੀ ਕੀਮਤ ਹਜ਼ਾਰਾਂ ਡਾਲਰ ਹੋਣ ਕਾਰਨ ਉਸ ਨੂੰ ਆਪਣੇ ਦੋਸਤਾਂ ਨਾਲ ਮਿਲ ਕੇ ਖ਼ੁਦ ਹੀ ਗੱਡੀ ਠੀਕ ਕਰਨੀ ਪਈ।
ਇਸ ਦੇ ਉਲਟ ਪੰਜਾਬ ’ਚ ਜਦੋਂ ਉਸ ਦੀ ਕਾਰ ਦਾ ਕਲੱਚ ਖਰਾਬ ਹੋਇਆ ਤਾਂ ਮਕੈਨਿਕ ਨੇ ਇਕ ਫੋਨ ’ਤੇ ਤੁਰੰਤ ਆ ਕੇ ਉਸੇ ਦਿਨ ਗੱਡੀ ਠੀਕ ਕਰ ਦਿੱਤੀ। ਸੰਜਮ ਅਨੁਸਾਰ ਪੰਜਾਬ ’ਚ ਮਕੈਨਿਕ ਦਾ ਧਿਆਨ ਪਹਿਲਾਂ ਮਦਦ ਕਰਨ ’ਤੇ ਸੀ ਅਤੇ ਪੈਸਿਆਂ ਦੀ ਗੱਲ ਬਾਅਦ ’ਚ ਹੋਈ। ਉਸ ਨੇ ਮਹਿਸੂਸ ਕੀਤਾ ਕਿ ਜੋ ਪਿਆਰ ਅਤੇ ਸਹਿਯੋਗ ਪੰਜਾਬ ’ਚ ਮਿਲਦਾ ਹੈ, ਉਹ ਦੁਨੀਆ ਦੇ ਕਿਸੇ ਵੀ ਕੋਨੇ ’ਚ ਨਹੀਂ ਮਿਲ ਸਕਦਾ।
ਮਜ਼ਾਕੀਆ ਲਹਿਜ਼ੇ ’ਚ ਉਸ ਨੇ ‘ਅੰਮ੍ਰਿਤਸਰੀ ਕੁਲਚੇ’ ਨੂੰ ਵੀ ਆਪਣੀ ਵਾਪਸੀ ਦਾ ਇਕ ਵੱਡਾ ਕਾਰਨ ਦੱਸਿਆ। ਸੰਜਮ ਦੀ ਇਸ ਵੀਡੀਓ ਨੇ ਇੰਟਰਨੈੱਟ ’ਤੇ ਇਕ ਨਵੀਂ ਚਰਚਾ ਛੇੜ ਦਿੱਤੀ ਹੈ। ਬਹੁਤ ਸਾਰੇ ਲੋਕਾਂ ਨੇ ਸੰਜਮ ਦੀ ਗੱਲ ਨਾਲ ਸਹਿਮਤੀ ਜਤਾਉਂਦਿਆਂ ਹਾਂਪੱਖੀ ਹੁੰਗਾਰਾ ਭਰਿਆ ਹੈ ਕਿ ਵਿਦੇਸ਼ੀ ਜੀਵਨ ਬਹੁਤ ਤਣਾਅਪੂਰਨ ਅਤੇ ਮਸ਼ੀਨੀ ਹੈ, ਜਦਕਿ ਪੰਜਾਬ ’ਚ ਅਪਣੱਤ ਅਤੇ ਭਾਈਚਾਰਾ ਅੱਜ ਵੀ ਜ਼ਿੰਦਾ ਹੈ।
Read More : ਕਾਂਗਰਸੀਆਂ ਦਾ ਅਸਲੀ ਚਿਹਰਾ ਨੰਗਾ ਹੋਇਆ, ਨਸ਼ੇੜੀਆਂ ਨੂੰ ਬਖਸ਼ਾਂਗੇ ਨਹੀਂ : ਧਾਲੀਵਾਲ
