ਸੰਗਰੂਰ, 3 ਦਸੰਬਰ : ਅਸਾਮ ’ਚ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਜ਼ਿਲਾ ਸੰਗਰੂਰ ਦੇ ਫੌਜੀ ਹਰਜਿੰਦਰ ਸਿੰਘ (40) ਦੀ ਮੌਤ ਹੋ ਗਈ। ਬੀਤੇ ਦਿਨ ਫ਼ੌਜ ਦੇ ਜਵਾਨ ਉਸਦੀ ਦੇਹ ਲੈ ਕੇ ਸੰਗਰੂਰ ਦੀ ਸ਼ਿਵਮ ਕਾਲੋਨੀ ਸਥਿਤ ਰਿਹਾਇਸ਼ ਵਿਚ ਪੁੱਜੇ।
ਇ ਦੌਰਾਨ ਫ਼ੌਜੀ ਜਵਾਨਾਂ ਨੇ ਫ਼ੌਜੀ ਰਵਾਇਤ ਮੁਤਾਬਕ ਹਰਜਿੰਦਰ ਸਿੰਘ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ। ਪਤਨੀ ਨੇ ਰੋਂਦੇ ਹੋਏ ਆਪਣੇ ਹੱਥਾਂ ਵਿਚ ਤਿਰੰਗਾ ਫੜਿਆ ਹੋਇਆ ਸੀ। ਪਰਿਵਾਰ ਅਤੇ ਇਲਾਕਾ ਵਾਸੀਆਂ ਦੀਆਂ ਅੱਖਾਂ ਨਮ ਹੋ ਗਈਆਂ।
ਹਰਜਿੰਦਰ ਸਿੰਘ ਦੇ ਪਰਿਵਾਰ ’ਚ ਪਤਨੀ, 12 ਸਾਲ ਦੀ ਧੀ ਤੇ ਡੇਢ ਸਾਲ ਦਾ ਪੁੱਤਰ ਤੇ ਵਿਧਵਾ ਮਾਂ ਹਨ। ਪਰਿਵਾਰ ਵਾਲਿਆਂ ਮੁਤਾਬਕ ਚਾਰ ਭੈਣਾਂ ਦਾ ਇਕਲੌਤਾ ਭਰਾ ਹਰਜਿੰਦਰ ਸਿੰਘ ਪਰਿਵਾਰ ਦਾ ਕਮਾਉਣ ਵਾਲਾ ਇਕਲੌਤਾ ਮੈਂਬਰ ਸੀ।
ਇਸ ਦੌਰਾਨ ਪਰਿਵਾਰ ਨੇ ਨਾਰਾਜ਼ਗੀ ਜਤਾਈ ਹੈ ਕਿ ਸੂਬਾ ਸਰਕਾਰ ਦਾ ਕੋਈ ਵੀ ਅਧਿਕਾਰੀ ਸ਼ਹੀਦ ਫ਼ੌਜੀ ਨੂੰ ਸ਼ਰਧਾਂਜਲੀ ਦੇਣ ਲਈ ਨਹੀਂ ਆਇਆ। ਹਾਲਾਂਕਿ, ਅਸਾਮ ਤੋਂ ਆਏ ਫ਼ੌਜੀ ਸਾਥੀਆਂ ਨੇ ਖ਼ਾਸ ਤੌਰ ‘ਤੇ ਸੰਗਰੂਰ ਪਹੁੰਚ ਕੇ ਮ੍ਰਿਤਕ ਹਰਜਿੰਦਰ ਸਿੰਘ ਨੂੰ ਫ਼ੌਜੀ ਸਨਮਾਨਾਂ ਨਾਲ ਸ਼ਰਧਾਂਜਲੀ ਭੇਟ ਕੀਤੀ।
Read More : ਪੰਜਾਬ ਪੁਲਿਸ ਕਾਂਸਟੇਬਲ ਗੁਰਸਿਮਰਨ ਬੈਂਸ ਬਣੇ ਹਵਾਈ ਫੌਜ ਅਧਿਕਾਰੀ
