Sandeep Pathak

ਸੰਦੀਪ ਪਾਠਕ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਪੁਨਰਵਾਸ ਲਈ 5 ਕਰੋੜ ਦੀ ਰਾਸ਼ੀ ਜਾਰੀ

ਰਾਜ ਸਭਾ ਮੈਂਬਰ ਨੇ ਫਿਰੋਜ਼ਪੁਰ ਪਹੁੰਚ ਕੇ ਹੜ੍ਹ ਪੀੜਤਾਂ ਦੀਆਂ ਸੁਣੀਆਂ ਮੁਸ਼ਕਲਾਂ

ਫਿਰੋਜ਼ਪੁਰ, 3 ਸਤੰਬਰ : ਪੰਜਾਬ ’ਚ ਹੜ੍ਹਾਂ ਨੇ ਵੱਡੀ ਗਿਣਤੀ ’ਚ ਪਿੰਡਾਂ ਤੇ ਖੇਤਾਂ ਨੂੰ ਪਾਣੀ ਹੇਠ ਕਰ ਦਿੱਤਾ ਹੈ ਅਤੇ ਬੇਸ਼ੁਮਾਰ ਪਰਿਵਾਰਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ ਪਰ ਇਨ੍ਹਾਂ ਔਖੇ ਦਿਨਾਂ ’ਚ ਵੀ ਸਾਡੀ ਹਿੰਮਤ ਕਦੇ ਟੁੱਟੀ ਨਹੀਂ। ਇਸ ਬਖਸ਼ੀ ਹੋਈ ਧਰਤੀ ਦੇ ਚੜ੍ਹਦੀ ਕਲਾ ’ਚ ਰਹਿਣ ਵਾਲੇ ਹਿੰਮਤੀ ਲੋਕ, ਪੰਜਾਬ ਸਰਕਾਰ, ਜ਼ਿਲਾ ਪ੍ਰਸ਼ਾਸਨ, ਫੌਜ ਅਤੇ ਐੱਨ. ਡੀ. ਆਰ. ਐੱਫ. ਦਿਨ-ਰਾਤ ਮੋਰਚੇ ’ਤੇ ਖੜ੍ਹੇ ਹੋ ਕੇ ਸਾਡੇ ਲੋਕਾਂ ਨੂੰ ਬਚਾਉਣ ਅਤੇ ਪਿੰਡਾਂ ਨੂੰ ਮੁੜ ਸੁਰਜੀਤ ਕਰਨ ਲਈ ਜੁਟੇ ਹੋਏ ਹਨ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਫਿਰੋਜ਼ਪੁਰ ਦੇ ਪਿੰਡ ਹਜ਼ਾਰਾਂ ਸਿੰਘ ਵਾਲਾ, ਗੱਟੀ ਰਾਜੋਕੇ, ਬਾਰੇ ਕੇ ਬਣੇ ਰਾਹਤ ਕੇਂਦਰ, ਰੁਕਨੇ ਵਾਲਾ, ਗਜਨੀ ਵਾਲਾ (ਦੋਨਾ ਮੱਤੜ), ਮਬੋ ਕੇ, ਲੱਖਾ ਸਿੰਘ ਵਾਲਾ ਹਿਠਾੜ ਆਦਿ ਪਿੰਡਾਂ ’ਚ ਹੜ੍ਹਾਂ ਕਾਰਨ ਬਣੀ ਸਥਿਤੀ ਦਾ ਜਾਇਜ਼ਾ ਲੈਣ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਵੱਲੋਂ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਮੁੜ ਉਸਾਰੀ ਅਤੇ ਲੋਕਾਂ ਦੇ ਪੁਨਰਵਾਸ ਲਈ ਐੱਮ. ਪੀ. ਲੈਡਸ ਫੰਡਸ ’ਚੋਂ ਪੰਜ ਕਰੋੜ ਰੁਪਏ ਦੀ ਰਾਸ਼ੀ ਵੀ ਜਾਰੀ ਕੀਤੀ ਗਈ।

ਉਨ੍ਹਾਂ ਕਿਹਾ ਕਿ ਇਸ ਸੰਕਟ ਦੀ ਘੜੀ ’ਚ ਸਾਡਾ ਆਪਣੇ ਲੋਕਾਂ ਨਾਲ ਖੜ੍ਹੇ ਹੋਣਾ ਨਾ ਕੇਵਲ ਜ਼ਿੰਮੇਵਾਰੀ ਹੈ, ਬਲਕਿ ਸਾਡਾ ਫਰਜ਼ ਅਤੇ ਧਰਮ ਵੀ ਹੈ। ਉਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਿਆ ਅਤੇ ਮੌਕੇ ’ਤੇ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਜਨ ਪ੍ਰਤੀਨਿਧੀਆਂ ਵੱਲੋਂ ਮਿਲ ਕੇ ਰਾਹਤ ਅਤੇ ਪੁਨਰਵਾਸ ਕਾਰਜ ਜਲਦੀ ਪੂਰਾ ਕੀਤਾ ਜਾਵੇਗਾ, ਤਾਂ ਜੋ ਪ੍ਰਭਾਵਿਤ ਪਰਿਵਾਰਾਂ ਨੂੰ ਜਲਦੀ ਹੀ ਆਮ ਜ਼ਿੰਦਗੀ ’ਚ ਵਾਪਸ ਆਉਣ ’ਚ ਮਦਦ ਕੀਤੀ ਜਾ ਸਕੇ।

ਉਨ੍ਹਾਂ ਵੱਲੋਂ ਬਾਰੇ ਕੇ ਸਕੂਲ ’ਚ ਬਣਾਏ ਗਏ ਰਾਹਤ ਕੈਂਪ ’ਚ ਪਹੁੰਚ ਕੇ ਉਥੇ ਰਹਿ ਰਹੇ ਹੜ੍ਹ ਪੀੜਤਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਨੂੰ ਕੈਂਪ ’ਚ ਮਿਲ ਰਹੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਲਈ ਗਈ। ਜਿਸ ’ਤੇ ਹੜ੍ਹ ਪ੍ਰਭਾਵਿਤ ਨੇ ਆਪਣੀ ਸੰਤੁਸ਼ਟੀ ਜ਼ਾਹਿਰ ਕੀਤੀ। ਇਸ ਮੌਕੇ ਚੇਅਰਮੈਨ ਪੰਜਾਬ ਐਗਰੋ ਸ਼ਮਿੰਦਰ ਖਿੰਡਾ ਤੇ ਚੇਅਰਮੈਨ ਇਕਬਾਲ ਸਿੰਘ ਢਿੱਲੋਂ ਆਦਿ ਵੀ ਮੌਜੂਦ ਸਨ।

Read More : ਮੁੱਖ ਮੰਤਰੀ ਵੱਲੋਂ ਕਿਸ਼ਤੀ ਰਾਹੀਂ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ

Leave a Reply

Your email address will not be published. Required fields are marked *