ਗੁਰਦੁਆਰਾ ਜੰਡਸਰ ਸਾਹਿਬ

ਗੁਰਦੁਆਰਾ ਜੰਡਸਰ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਨਾਕਾਮ; ਔਰਤ ਸਮੇਤ 2 ਗ੍ਰਿਫ਼ਤਾਰ

ਪਾਠੀ ਸਿੰਘਾਂ ਤੇ ਸੇਵਾਦਾਰਾਂ ਦੀ ਸੂਝਬੂਝ ਨਾਲ ਟਲਿਆ ਵੱਡਾ ਹਾਦਸਾ; ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਸ਼ੁਰੂ

ਮਹਿਲ ਕਲਾਂ, 28 ਫਰਵਰੀ : ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਇਤਿਹਾਸਕ ਪਿੰਡ ਠੁੱਲੀਵਾਲ ਸਥਿਤ ਗੁਰਦੁਆਰਾ ਜੰਡਸਰ ਸਾਹਿਬ ਵਿਖੇ ਅੱਜ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਕ ਔਰਤ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਚੱਲ ਰਹੀ ਲੜੀ ਦੌਰਾਨ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੌਕੇ ‘ਤੇ ਮੌਜੂਦ ਪਾਠੀ ਸਿੰਘਾਂ ਅਤੇ ਸੇਵਾਦਾਰਾਂ ਨੇ ਬੇਹੱਦ ਮੁਸਤੈਦੀ ਦਿਖਾਉਂਦੇ ਹੋਏ ਉਕਤ ਔਰਤ ਅਤੇ ਉਸ ਦੇ ਸਾਥੀ ਨੂੰ ਕਾਬੂ ਕਰ ਲਿਆ ਅਤੇ ਤੁਰੰਤ ਪੁਲਿਸ ਦੇ ਹਵਾਲੇ ਕਰ ਦਿੱਤਾ।

ਜਾਣਕਾਰੀ ਮੁਤਾਬਕ ਸਰਬਜੀਤ ਕੌਰ ਨਾਮੀ ਔਰਤ ਆਪਣੇ ਨਾਬਾਲਗ ਬੱਚੇ ਨਾਲ ਮੱਥਾ ਟੇਕਣ ਆਈ ਸੀ। ਦੱਸਿਆ ਜਾ ਰਿਹਾ ਹੈ ਕਿ ਮੱਥਾ ਟੇਕਣ ਉਪਰੰਤ ਉਸ ਨੇ ਪ੍ਰਕਾਸ਼ ਅਸਥਾਨ ਨੇੜਲੀ ਖਿੜਕੀ ਰਾਹੀਂ ਬੱਚੇ ਨੂੰ ਅੰਦਰ ਸੁੱਟਣ ਅਤੇ ਖ਼ੁਦ ਅੰਦਰ ਦਾਖ਼ਲ ਹੋਣ ਦੀ ਨਾਕਾਮ ਕੋਸ਼ਿਸ਼ ਕੀਤੀ। ਉੱਥੇ ਮੌਜੂਦ ਸਿੰਘਾਂ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਉਸ ਨੂੰ ਰੋਕ ਲਿਆ। ਇਸ ਦੌਰਾਨ ਉਸ ਦੇ ਨਾਲ ਆਏ ਰਾਮ ਸਿੰਘ ਨਾਮੀ ਵਿਅਕਤੀ ਨੂੰ ਵੀ ਸੰਗਤ ਨੇ ਕਾਬੂ ਕਰ ਲਿਆ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐੱਸ.ਪੀ. ਜਸਪਾਲ ਸਿੰਘ ਧਾਲੀਵਾਲ ਅਤੇ ਐੱਸ.ਐੱਚ.ਓ. ਗੁਰਪਾਲ ਸਿੰਘ ਧਨੌਲਾ ਭਾਰੀ ਪੁਲਿਸ ਫ਼ੋਰਸ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਠੁੱਲੀਵਾਲ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮ ਔਰਤ ਸਰਬਜੀਤ ਕੌਰ ਅਤੇ ਰਾਮ ਸਿੰਘ ਖ਼ਿਲਾਫ਼ ਥਾਣਾ ਠੁੱਲੀਵਾਲ ਵਿਖੇ ਮੁਕੱਦਮਾ ਨੰਬਰ 13 ਦਰਜ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਇਸ ਸਾਜ਼ਿਸ਼ ਪਿੱਛੇ ਮੌਜੂਦ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।

Read More : ਸ੍ਰੀ ਮੁਕਤਸਰ ਸਾਹਿਬ ’ਚ ਵਰਨਾ ਤੇ ਈ-ਰਿਕਸ਼ਾ ਦੀ ਟੱਕਰ ਨੇ ਖੋਹੇ ਦੋ ਚਿਰਾਗ

Leave a Reply

Your email address will not be published. Required fields are marked *