ਰਾਜਸਥਾਨ

RR ਬਨਾਮ GT : ਰਾਜਸਥਾਨ ਰਾਇਲਜ਼ ਨੇ ਗੁਜਰਾਤ ਟਾਈਟਨਸ ਨੂੰ 6 ਦੌੜਾਂ ਨਾਲ ਹਰਾਇਆ

ਧਰੁਵ ਜੁਰੇਲ ਦੀ 75 ਦੌੜਾਂ ਦੀ ਤੂਫ਼ਾਨੀ ਪਾਰੀ ਅਤੇ ਰਵੀ ਬਿਸ਼ਨੋਈ ਦੀ ਘਾਤਕ ਗੇਂਦਬਾਜ਼ੀ ਨੇ ਪਲਟਿਆ ਮੈਚ; ਲਗਾਤਾਰ ਦੂਜੀ ਜਿੱਤ ਦਰਜ

ਅਹਿਮਦਾਬਾਦ, 4 ਅਪ੍ਰੈਲ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ 9ਵੇਂ ਮੁਕਾਬਲੇ ਵਿੱਚ ਰਾਜਸਥਾਨ ਰਾਇਲਜ਼ (RR) ਨੇ ਗੁਜਰਾਤ ਟਾਈਟਨਸ (GT) ਨੂੰ ਇੱਕ ਬੇਹੱਦ ਰੋਮਾਂਚਕ ਮੈਚ ਵਿੱਚ 6 ਦੌੜਾਂ ਨਾਲ ਮਾਤ ਦਿੱਤੀ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡੇ ਗਏ ਇਸ ਮੈਚ ਵਿਚ ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 210 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ, ਜਿਸ ਦੇ ਜਵਾਬ ਵਿੱਚ ਗੁਜਰਾਤ ਦੀ ਟੀਮ 204 ਦੌੜਾਂ ਹੀ ਬਣਾ ਸਕੀ।

ਟਾਸ ਜਿੱਤ ਕੇ ਪਹਿਲਾਂ ਖੇਡਣ ਉਤਰੀ ਰਾਜਸਥਾਨ ਦੀ ਸ਼ੁਰੂਆਤ ਚੰਗੀ ਰਹੀ। ਯਸ਼ਸਵੀ ਜਾਇਸਵਾਲ (55 ਦੌੜਾਂ) ਅਤੇ ਵੈਭਵ ਸੂਰਿਆਵੰਸ਼ੀ (31 ਦੌੜਾਂ) ਨੇ ਪਹਿਲੀ ਵਿਕਟ ਲਈ 70 ਦੌੜਾਂ ਜੋੜੀਆਂ। ਕਪਤਾਨ ਰਿਆਨ ਪਰਾਗ ਭਾਵੇਂ ਜਲਦੀ ਆਊਟ ਹੋ ਗਏ, ਪਰ ਧਰੁਵ ਜੁਰੇਲ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਜੁਰੇਲ ਨੇ ਮਹਿਜ਼ 42 ਗੇਂਦਾਂ ਵਿੱਚ 5 ਛੱਕਿਆਂ ਅਤੇ 5 ਚੌਕਿਆਂ ਦੀ ਮਦਦ ਨਾਲ 75 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜਿਸ ਸਦਕਾ ਟੀਮ ਦਾ ਸਕੋਰ 210/6 ਤੱਕ ਪਹੁੰਚ ਗਿਆ। ਗੁਜਰਾਤ ਵੱਲੋਂ ਕਗੀਸੋ ਰਬਾਡਾ ਨੇ 2 ਵਿਕਟਾਂ ਲਈਆਂ।

211 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਗੁਜਰਾਤ ਨੂੰ ਸਾਈ ਸੁਦਰਸ਼ਨ (73 ਦੌੜਾਂ) ਅਤੇ ਕੁਮਾਰ ਕੁਸ਼ਾਗਰ (18 ਦੌੜਾਂ) ਨੇ ਮਜ਼ਬੂਤ ਸ਼ੁਰੂਆਤ ਦਿੱਤੀ। ਪਰ ‘ਇਮਪੈਕਟ ਪਲੇਅਰ’ ਵਜੋਂ ਆਏ ਰਵੀ ਬਿਸ਼ਨੋਈ ਨੇ ਮੈਚ ਦਾ ਪਾਸਾ ਪਲਟ ਦਿੱਤਾ। ਬਿਸ਼ਨੋਈ ਨੇ ਸੁਦਰਸ਼ਨ, ਗਲੇਨ ਫਿਲਿਪਸ, ਵਾਸ਼ਿੰਗਟਨ ਸੁੰਦਰ ਅਤੇ ਰਾਹੁਲ ਤੇਵਤੀਆ ਦੀਆਂ ਅਹਿਮ ਵਿਕਟਾਂ ਲੈ ਕੇ ਗੁਜਰਾਤ ਦੇ ਮੱਧਕ੍ਰਮ ਨੂੰ ਤਹਿਸ-ਨਹਿਸ ਕਰ ਦਿੱਤਾ।

ਮੈਚ ਦੇ ਆਖਰੀ ਓਵਰ ਵਿੱਚ ਗੁਜਰਾਤ ਨੂੰ ਜਿੱਤ ਲਈ 11 ਦੌੜਾਂ ਚਾਹੀਦੀਆਂ ਸਨ। ਰਾਜਸਥਾਨ ਦੇ ਗੇਂਦਬਾਜ਼ ਤੁਸ਼ਾਰ ਦੇਸ਼ਪਾਂਡੇ ਨੇ ਬਹੁਤ ਹੀ ਸਟੀਕ ਗੇਂਦਬਾਜ਼ੀ ਕਰਦਿਆਂ ਇਸ ਓਵਰ ਵਿੱਚ ਸਿਰਫ਼ 4 ਦੌੜਾਂ ਦਿੱਤੀਆਂ ਅਤੇ ਆਪਣੀ ਟੀਮ ਦੀ ਜਿੱਤ ਪੱਕੀ ਕੀਤੀ।

ਜ਼ਿਕਰਯੋਗ ਹੈ ਕਿ ਗੁਜਰਾਤ ਦੇ ਨਿਯਮਤ ਕਪਤਾਨ ਸ਼ੁਭਮਨ ਗਿੱਲ ਸੱਟ ਕਾਰਨ ਇਹ ਮੈਚ ਨਹੀਂ ਖੇਡ ਸਕੇ ਅਤੇ ਟੀਮ ਦੀ ਕਮਾਨ ਰਾਸ਼ਿਦ ਖਾਨ ਨੇ ਸੰਭਾਲੀ। ਰਾਜਸਥਾਨ ਰਾਇਲਜ਼ ਨੇ ਇਸ ਸੀਜ਼ਨ ਦੀ ਸ਼ੁਰੂਆਤ ਲਗਾਤਾਰ ਦੋ ਜਿੱਤਾਂ ਨਾਲ ਕੀਤੀ ਹੈ।

Read More : ਭਾਜਪਾ ਦਫ਼ਤਰ ’ਤੇ ਗ੍ਰੇਨੇਡ ਹਮਲੇ ਦੇ ਮਾਮਲੇ ਵਿਚ 5 ਮੁਲਜ਼ਮ ਗ੍ਰਿਫ਼ਤਾਰ

Leave a Reply

Your email address will not be published. Required fields are marked *