RR ਬਨਾਮ CSK

RR ਬਨਾਮ CSK : ਰਾਜਸਥਾਨ ਰਾਇਲਜ਼ ਦੀ ਚੇਨਈ ਸੁਪਰ ਕਿੰਗਜ਼ ‘ਤੇ ਧਮਾਕੇਦਾਰ ਜਿੱਤ

ਧੋਨੀ ਤੋਂ ਬਿਨਾਂ ਉਤਰੀ ਚੇਨਈ ਨੂੰ ਮਿਲੀ 8 ਵਿਕਟਾਂ ਨਾਲ ਕਰਾਰੀ ਮਾਤ; ਰਵਿੰਦਰ ਜਡੇਜਾ ਅਤੇ ਨਾਂਦਰੇ ਬਰਗਰ ਦੀ ਘਾਤਕ ਗੇਂਦਬਾਜ਼ੀ ਅੱਗੇ CSK 127 ‘ਤੇ ਢੇਰ

ਗੁਵਾਹਾਟੀ, 30 ਮਾਰਚ : ਆਈਪੀਐਲ 2026 ਦੇ 19ਵੇਂ ਸੀਜ਼ਨ ਦੇ ਤੀਜੇ ਮੁਕਾਬਲੇ ਵਿੱਚ ਰਾਜਸਥਾਨ ਰਾਇਲਜ਼ ਨੇ ਆਪਣਾ ਦਬਦਬਾ ਕਾਇਮ ਰੱਖਦਿਆਂ ਚੇਨਈ ਸੁਪਰ ਕਿੰਗਜ਼ (CSK) ਨੂੰ 8 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ ਹੈ। ਗੁਵਾਹਾਟੀ ਦੇ ਬਾਰਸਾਪਾਰਾ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਚੇਨਈ ਦੀ ਪੂਰੀ ਟੀਮ ਨੂੰ 19.4 ਓਵਰਾਂ ਵਿੱਚ ਮਹਿਜ਼ 127 ਦੌੜਾਂ ‘ਤੇ ਹੀ ਸਮੇਟ ਦਿੱਤਾ। ਰਾਜਸਥਾਨ ਨੇ ਇਹ ਟੀਚਾ ਸਿਰਫ਼ 2 ਵਿਕਟਾਂ ਦੇ ਨੁਕਸਾਨ ‘ਤੇ 12.1 ਓਵਰਾਂ ਵਿੱਚ ਹੀ ਹਾਸਲ ਕਰ ਲਿਆ।

ਵੈਭਵ ਸੂਰਿਆਵੰਸ਼ੀ ਨੇ 15 ਗੇਂਦਾਂ ‘ਚ ਜੜਿਆ ਅਰਧ ਸੈਂਕੜਾ

128 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਰਾਇਲਜ਼ ਵੱਲੋਂ ਵੈਭਵ ਸੂਰਿਆਵੰਸ਼ੀ ਨੇ ਪਹਿਲੀ ਹੀ ਗੇਂਦ ਤੋਂ ਹਮਲਾਵਰ ਰੁਖ਼ ਅਪਣਾਇਆ। ਉਨ੍ਹਾਂ ਨੇ ਮਹਿਜ਼ 15 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕਰਕੇ ਇਤਿਹਾਸ ਰਚ ਦਿੱਤਾ। ਵੈਭਵ ਨੇ 17 ਗੇਂਦਾਂ ਵਿੱਚ 52 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜਿਸ ਵਿੱਚ 4 ਚੌਕੇ ਅਤੇ 5 ਗਗਨਚੁੰਬੀ ਛੱਕੇ ਸ਼ਾਮਲ ਸਨ। ਜਦੋਂ ਉਹ ਆਊਟ ਹੋਏ ਤਾਂ ਟੀਮ ਦਾ ਸਕੋਰ 75 ਦੌੜਾਂ ਸੀ। ਇਸ ਤੋਂ ਬਾਅਦ ਕਪਤਾਨ ਰਿਆਨ ਪਰਾਗ ਅਤੇ ਯਸ਼ਸਵੀ ਜਾਇਸਵਾਲ ਨੇ ਮਿਲ ਕੇ 13ਵੇਂ ਓਵਰ ਵਿੱਚ ਹੀ ਰਾਜਸਥਾਨ ਨੂੰ ਸ਼ਾਨਦਾਰ ਜਿੱਤ ਦਿਵਾਈ।

ਧੋਨੀ ਦੀ ਕਮੀ ਅਤੇ CSK ਦੀ ਖ਼ਰਾਬ ਸ਼ੁਰੂਆਤ

ਸਾਬਕਾ ਕਪਤਾਨ ਐਮਐਸ ਧੋਨੀ ਸੱਟ ਕਾਰਨ ਮੈਦਾਨ ਤੋਂ ਬਾਹਰ ਹਨ, ਜਿਸਦਾ ਖ਼ਮਿਆਜ਼ਾ ਚੇਨਈ ਨੂੰ ਭੁਗਤਣਾ ਪਿਆ। ਟੀਮ ਲਈ ਡੈਬਿਊ ਕਰ ਰਹੇ ਸੰਜੂ ਸੈਮਸਨ ਅਤੇ ਕਪਤਾਨ ਰਿਤੂਰਾਜ ਗਾਇਕਵਾੜ ਦੋਵੇਂ ਹੀ ਸਿਰਫ਼ 6-6 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਨਾਂਦਰੇ ਬਰਗਰ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਆਯੂਸ਼ ਮਹਾਤਰੇ (0) ਨੂੰ ਵੀ ਜਲਦੀ ਆਊਟ ਕਰ ਦਿੱਤਾ। ਚੇਨਈ ਲਈ ਜੈਮੀ ਓਵਰਟਨ ਨੇ ਸਭ ਤੋਂ ਵੱਧ 43 ਦੌੜਾਂ ਬਣਾਈਆਂ, ਜਿਸ ਸਦਕਾ ਟੀਮ 127 ਤੱਕ ਪਹੁੰਚ ਸਕੀ।

ਗੇਂਦਬਾਜ਼ੀ ਵਿਚ ਰਾਜਸਥਾਨ ਦਾ ਸ਼ਿਕੰਜਾ

ਰਾਜਸਥਾਨ ਦੇ ਗੇਂਦਬਾਜ਼ਾਂ ਨੇ ਮੈਚ ‘ਤੇ ਪੂਰੀ ਤਰ੍ਹਾਂ ਕੰਟਰੋਲ ਬਣਾਈ ਰੱਖਿਆ। ਰਵਿੰਦਰ ਜਡੇਜਾ ਨੇ ਆਪਣੇ ਪਹਿਲੇ ਹੀ ਓਵਰ ਵਿੱਚ ਸਰਫਰਾਜ਼ ਖਾਨ (17) ਅਤੇ ਸ਼ਿਵਮ ਦੂਬੇ (6) ਦੀਆਂ ਵਿਕਟਾਂ ਝਟਕਾ ਕੇ ਚੇਨਈ ਦਾ ਲੱਕ ਤੋੜ ਦਿੱਤਾ। ਰਵਿੰਦਰ ਜਡੇਜਾ, ਜੋਫਰਾ ਆਰਚਰ ਅਤੇ ਨਾਂਦਰੇ ਬਰਗਰ ਨੇ 2-2 ਵਿਕਟਾਂ ਲਈਆਂ। ਚੇਨਈ ਲਈ ਅੰਸ਼ੁਲ ਕੰਬੋਜ ਨੇ ਵੀ 2 ਵਿਕਟਾਂ ਹਾਸਲ ਕੀਤੀਆਂ। ਪਿਛਲੇ ਸੀਜ਼ਨ ਵਾਂਗ ਚੇਨਈ ਲਈ ਇਹ ਸ਼ੁਰੂਆਤ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।

Read More : ਮਨਜਿੰਦਰ ਲਾਲਪੁਰਾ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ; SC/ST ਮਾਮਲੇ ‘ਚ ਹੋਏ ਬਰੀ

Leave a Reply

Your email address will not be published. Required fields are marked *