ਪਿਸਤੌਲ ਦਿਖਾ ਕੇ ਭੱਜੇ ਲੁਟੇਰੇ
ਗੁਰਦਾਸਪੁਰ, 25 ਅਗਸਤ : ਜ਼ਿਲਾ ਗੁਰਦਾਸਪੁਰ ਵਿਚ ਦੇਰ ਸ਼ਾਮ ਗੁਰਦੁਆਰਾ ਘੱਲੂਘਾਰਾ ਸਾਹਿਬ ਵਿਖੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਕੁਝ ਹਥਿਆਰਬੰਦ ਨੌਜਵਾਨਾਂ ਨੇ ਪਿਸਤੌਲ ਦੀ ਨੋਕ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਜਦੋਂ ਸੰਗਤ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਕ ਲੁਟੇਰੇ ਨੇ ਆਪਣੀ ਡੱਬ ’ਚੋਂ ਪਿਸਤੌਲ ਕੱਢ ਕੇ ਸੰਗਤ ’ਤੇ ਤਾਣ ਦਿੱਤੀ ਅਤੇ ਉਨ੍ਹਾਂ ਨੂੰ ਡਰਾਇਆ।
ਇਸ ਦੌਰਾਨ ਚਸ਼ਮਦੀਦਾਂ ਨੇ ਦੱਸਿਆ ਕਿ ਕੁਝ ਬਹਾਦਰ ਲੋਕਾਂ ਨੇ ਲੁਟੇਰਿਆਂ ਦਾ ਮੁਕਾਬਲਾ ਕੀਤਾ ਅਤੇ ਉਨ੍ਹਾਂ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਪਿੰਡ ਕੋਟਲੀ ਸੈਣੀਆਂ ਦੇ ਵਸਨੀਕ ਮਹਿੰਗਾ ਸਿੰਘ ਨੇ ਦੱਸਿਆ ਕਿ ਉਹ ਦਰਿਆ ਬਿਆਸ ਤੋਂ ਵਾਪਸ ਆ ਰਿਹਾ ਸੀ। ਜਦੋਂ ਉਸ ਨੇ ਲੁਟੇਰਿਆਂ ਨੂੰ ਭੱਜਦੇ ਦੇਖਿਆ। ਲੁਟੇਰੇ ਆਪਣੀ ਜ਼ੈੱਨ ਕਾਰ ’ਚ ਪਿੰਡ ਸਿੰਬਲੀ ਵੱਲ ਭੱਜ ਗਏ।
ਪਿੰਡ ਸਿੰਬਲੀ ਨੇੜੇ ਅੱਗੋਂ ਕਾਹਨੂੰਵਾਨ ਪੁਲਸ ਨੂੰ ਆਉਂਦਿਆਂ ਦੇਖ ਕੇ ਲੁਟੇਰੇ ਆਪਣੀ ਗੱਡੀ ਉਸਾਰੀ ਅਧੀਨ ਪੁਲੀ ਕੋਲ ਛੱਡ ਕੇ ਖੇਤਾਂ ’ਚ ਲੁਕ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਕੁਲਵੰਤ ਸਿੰਘ ਮਾਨ ਅਤੇ ਐੱਸ. ਐੱਚ. ਓ. ਗੁਰਨਾਮ ਸਿੰਘ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਐੱਸ. ਐੱਚ. ਓ. ਭੈਣੀ ਮੀਆਂ ਖਾਨ ਦੀਪਿਕਾ ਸਮੇਤ ਇਲਾਕੇ ਦੀ ਸਖ਼ਤ ਘੇਰਾਬੰਦੀ ਕਰ ਦਿੱਤੀ ਹੈ।
ਡੀ. ਐੱਸ. ਪੀ. ਮਾਨ ਨੇ ਪੁਲਸ ਟੀਮ ਨਾਲ ਗੁਰਦੁਆਰਾ ਸਾਹਿਬ ਦਾ ਦੌਰਾ ਕਰ ਕੇ ਲੋਕਾਂ ਨਾਲ ਗੱਲਬਾਤ ਕੀਤੀ। ਕੁਝ ਚਸ਼ਮਦੀਦਾਂ ਨੇ ਦਾਅਵਾ ਕੀਤਾ ਕਿ ਲੁਟੇਰਿਆਂ ਨੇ ਭੱਜਣ ਦੌਰਾਨ ਦੋ ਫਾਇਰ ਵੀ ਕੀਤੇ ਸਨ ਪਰ ਪੁਲਸ ਨੇ ਅਜਿਹੀ ਕਿਸੇ ਵੀ ਘਟਨਾ ਦੀ ਪੁਸ਼ਟੀ ਨਹੀਂ ਕੀਤੀ।
ਡੀ. ਐੱਸ. ਪੀ. ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਲੁਟੇਰੇ ਸਨ। ਉਨ੍ਹਾਂ ’ਚੋਂ 2 ਕਾਰ ਲੈ ਕੇ ਭੱਜ ਗਏ, ਜੋ ਪੁਲਸ ਨੂੰ ਦੇਖ ਕੇ ਗੱਡੀ ਛੱਡ ਕੇ ਖੇਤਾਂ ’ਚ ਲੁਕ ਗਏ, ਜਦੋਂ ਕਿ ਇਕ ਲੁਟੇਰੇ ਨੂੰ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਦੇਖਿਆ ਗਿਆ। ਪੁਲਸ ਵੱਲੋਂ ਇਨ੍ਹਾਂ ਤਿੰਨਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਗੋਲੀਬਾਰੀ ਦੀ ਘਟਨਾ ਤੋਂ ਸਾਫ਼ ਇਨਕਾਰ ਕੀਤਾ।
Read More : ਚੇਤੇਸ਼ਵਰ ਪੁਜਾਰਾ ਨੇ ਆਪਣੇ ਕਰੀਅਰ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ