firing-news

ਪੁਲਸ ਮੁਕਾਬਲੇ ਵਿਚ ਲੁਟੇਰੇ ਦੀ ਲੱਤ ਵਿਚ ਲੱਗੀ ਗੋਲੀ, ਗ੍ਰਿਫਤਾਰ

ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਹਥਿਆਰ ਬਰਾਮਦ ਕਰਨ ਲਈ ਲੈ ਕੇ ਗਈ ਸੀ ਪੁਲਸ ਐੱਸ. ਐੱਸ. ਪੀ. ਸ਼ੁਭਮ ਅਗਰਵਾਲ

ਮੰਡੀ ਗੋਬਿੰਦਗੜ੍ਹ, 20 ਜਨਵਰੀ : ਜ਼ਿਲਾ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਵਿੱਚ ਪੁਲਿਸ ਅਤੇ ਇੱਕ ਲੁਟੇਰੇ ਵਿਚਕਾਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸ ਦੌਰਾਨ ਮੁਲਜ਼ਮ ਨੂੰ ਲੱਤ ਵਿੱਚ ਗੋਲੀ ਮਾਰ ਕੇ ਕਾਬੂ ਕਰ ਲਿਆ।

ਫਤਿਹਗੜ੍ਹ ਸਾਹਿਬ ਦੇ ਐੱਸ. ਐੱਸ. ਪੀ. ਸ਼ੁਭਮ ਅਗਰਵਾਲ ਨੇ ਵੀ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਇਲਾਕੇ ਵਿੱਚ ਲੁੱਟ-ਖੋਹ ਅਤੇ ਡਕੈਤੀ ਦੇ ਮਾਮਲਿਆਂ ਵਿੱਚ ਸ਼ਾਮਲ ਮੁਲਜ਼ਮ ਸ਼ਿਵਾ ਨੂੰ ਪੁਲਿਸ ਨੇ 15 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਉਸ ਨੇ ਗੈਰ-ਕਾਨੂੰਨੀ ਹਥਿਆਰ ਲੁਕਾਉਣ ਦੀ ਜਾਣਕਾਰੀ ਦਿੱਤੀ ਸੀ। ਇਸੇ ਕਾਰਨ ਅੱਜ ਪੁਲਿਸ ਟੀਮ ਮੁਲਜ਼ਮ ਨੂੰ ਉਸ ਦੀ ਨਿਸ਼ਾਨਦੇਹੀ ’ਤੇ ਹਥਿਆਰ ਬਰਾਮਦ ਕਰਨ ਲਈ ਲੈ ਕੇ ਗਈ ਸੀ।

ਐੱਸ.ਐੱਸ.ਪੀ. ਸ਼ੁਭਮ ਅਗਰਵਾਲ ਨੇ ਦੱਸਿਆ ਕਿ ਜਿਵੇਂ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ, ਮੁਲਜ਼ਮ ਸ਼ਿਵਾ ਨੇ ਅਚਾਨਕ ਲੁਕਾਇਆ ਹਥਿਆਰ ਕੱਢ ਲਿਆ ਅਤੇ ਪੁਲਿਸ ’ਤੇ ਗੋਲੀਬਾਰੀ ਕਰ ਦਿੱਤੀ। ਪੁਲਿਸ ਨੇ ਪੂਰੀ ਸਾਵਧਾਨੀ ਨਾਲ ਜਵਾਬੀ ਕਾਰਵਾਈ ਕੀਤੀ। ਇਸ ਦੌਰਾਨ ਇੱਕ ਹੋਮਗਾਰਡ ਜਵਾਨ ਨੇ ਸੂਝਬੂਝ ਵਿਖਾਈ ਅਤੇ ਸਮੇਂ ਸਿਰ ਹਾਲਾਤ ਨੂੰ ਸੰਭਾਲ ਲਿਆ, ਜਿਸ ਨਾਲ ਵੱਡਾ ਹਾਦਸਾ ਟਲ ਗਿਆ।

ਗੋਲੀਬਾਰੀ ਦੌਰਾਨ ਕਿਸੇ ਵੀ ਪੁਲਿਸ ਕਰਮੀ ਨੂੰ ਗੋਲੀ ਨਹੀਂ ਲੱਗੀ। ਆਤਮ-ਰੱਖਿਆ ਵਿੱਚ ਪੁਲਿਸ ਨੇ ਮੁਲਜ਼ਮ ਦੀ ਲੱਤ ’ਤੇ ਗੋਲੀ ਚਲਾਈ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ ਅਤੇ ਮੌਕੇ ’ਤੇ ਹੀ ਉਸ ਨੂੰ ਕਾਬੂ ਕਰ ਲਿਆ ਗਿਆ। ਜ਼ਖ਼ਮੀ ਮੁਲਜ਼ਮ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਐੱਸ.ਪੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਮੁਲਜ਼ਮ ਤੋਂ ਗੈਰ-ਕਾਨੂੰਨੀ ਹਥਿਆਰ ਬਰਾਮਦ ਕਰਨ ਦੀ ਕਾਰਵਾਈ ਜਾਰੀ ਹੈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਮੁਲਜ਼ਮ ਦੇ ਅਪਰਾਧਿਕ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਸਖ਼ਤ ਕਾਰਵਾਈ ਜਾਰੀ ਰੱਖੇਗੀ।

Read More : ਸਾਇਨਾ ਨੇਹਵਾਲ ਨੇ ਪ੍ਰੋਫੈਸ਼ਨਲ ਬੈਡਮਿੰਟਨ ਤੋਂ ਲਿਆ ਸੰਨਿਆਸ

Leave a Reply

Your email address will not be published. Required fields are marked *