ਮੁੜ ਬੱਸ ਸਟੈਂਡ ਬੰਦ ਕੀਤਾ ਤਾਂ ਸਿੱਟੇ ਗੰਭੀਰ ਨਿਕਲਣਗੇ : ਬੱਬੂ, ਸੈਂਸਰਾ
ਅੰਮ੍ਰਿਤਸਰ, 4 ਅਕਤੂਬਰ : ਪੰਜਾਬ ਰੋਡਵੇਜ਼, ਪਨਬੱਸ ਤੇ ਪੀ. ਆਰ. ਟੀ. ਸੀ. ਦੇ ਮੁਲਾਜ਼ਮਾਂ ਵੱਲੋਂ ਅੱਜ ਅੰਮ੍ਰਿਤਸਰ ਬੱਸ ਸਟੈਂਡ ਬੰਦ ਕੀਤੇ ਜਾਣ ਕਾਰਨ ਭਾਰੀ ਹੰਗਾਮਾ ਹੋ ਗਿਆ ਕਿਉਂਕਿ ਨਿੱਜੀ ਬੱਸ ਆਪ੍ਰੇਟਰ ਬੱਸ ਸਟੈਂਡ ਬੰਦ ਕਰਨ ਦੇ ਸਖਤ ਖਿਲਾਫ ਸਨ, ਜਿਨ੍ਹਾਂ ਦਾ ਆਪਸੀ ਟਕਰਾਅ ਹੋਣ ਤੋਂ ਵਾਲ-ਵਾਲ ਬਚਿਆ। ਮਿੰਨੀ ਬੱਸ ਆਪ੍ਰੇਟਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਬੱਬੂ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਇਕੱਠੇ ਹੋਏ ਮਿੰਨੀ ਤੇ ਵੱਡੀਆਂ ਬੱਸਾਂ ਦੇ ਆਪ੍ਰੇਟਰਾਂ ਨੇ ਕਿਹਾ ਕਿ ਪੰਜਾਬ ਰੋਡਵੇਜ਼, ਪਨਬੱਸ ਤੇ ਪੀ. ਆਰ. ਟੀ. ਸੀ. ਦੇ ਮੁਲਾਜ਼ਮਾਂ ਦੀ ਧੱਕੇਸ਼ਾਹੀ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕਰਾਂਗੇ।
ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਬਲਦੇਵ ਸਿੰਘ ਬੱਬੂ ਤੇ ਜ਼ਿਲਾ ਪ੍ਰਧਾਨ ਸਵਿੰਦਰ ਸਿੰਘ ਸੈਂਸਰਾ ਨੇ ਕਿਹਾ ਕਿ ਮਾਣਯੋਗ ਹਾਈਕੋਰਟ ਦੇ ਹੁਕਮਾਂ ’ਤੇ ਆਰ. ਟੀ. ਏ. ਸੈਕਟਰੀ ਜਲੰਧਰ ਵੱਲੋਂ ਅੰਮ੍ਰਿਤਸਰ ਤੋਂ ਭਿੱਖੀਵਿੰਡ ਤੇ ਖਾਲੜਾ ਦੇ ਨਵੇਂ ਬਣਾਏ ਗਏ ਟਾਈਮ ਟੇਬਲ ’ਤੇ ਜੇਕਰ ਪੰਜਾਬ ਰੋਡਵੇਜ਼, ਪਨਬੱਸ ਤੇ ਪੀ. ਆਰ. ਟੀ. ਸੀ. ਦੇ ਮੁਲਾਜ਼ਮਾਂ ਨੂੰ ਕੋਈ ਇਤਰਾਜ ਹੈ ਤਾਂ ਉਸ ਲਈ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ, ਸਬੰਧਤ ਅਧਿਕਾਰੀਆਂ ਜਾਂ ਫਿਰ ਟਰਾਂਸਪੋਰਟ ਮੰਤਰੀ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਨਾ ਕਿ ਆਪਣੀ ਮਨਮਰਜ਼ੀ ਮੁਤਾਬਕ ਬੱਸ ਸਟੈਂਡ ਬੰਦ ਕਰਕੇ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਚਾਹੀਦਾ ਹੈ।
ਪ੍ਰਧਾਨ ਬੱਬੂ ਤੇ ਸੈਂਸਰਾ ਨੇ ਆਖਿਆ ਕਿ ਰੋਡਵੇਜ਼ ਮੁਲਾਜ਼ਮਾਂ ਵੱਲੋਂ ਧੱਕੇ ਨਾਲ ਬੱਸ ਸਟੈਂਡ ਬੰਦ ਕਰਵਾਏ ਜਾਣ ਕਾਰਨ ਮਿੰਨੀ ਤੇ ਵੱਡੀਆਂ ਬੱਸਾਂ, ਬੱਸ ਸਟੈਂਡ ਦੇ ਦੁਕਾਨਦਾਰਾਂ ਅਤੇ ਮੈਨੇਜਮੈਂਟ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਹੈ, ਜਿਸ ਦਾ ਮੁਆਵਜ਼ਾ ਬੱਸ ਸਟੈਂਡ ਬੰਦ ਕਰਵਾਉਣ ਵਾਲੇ ਮੁਲਾਜ਼ਮਾਂ ਕੋਲੋਂ ਹਰ ਹੀਲੇ ਵਸੂਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਨਵੇਂ ਬਣਾਏ ਗਏ ਟਾਈਮ ਟੇਬਲ ’ਚੋਂ ਕਈ ਪ੍ਰਾਈਵੇਟ ਬੱਸਾਂ ਦਾ ਟਾਈਮ ਵੀ ਕੱਢ ਦਿੱਤਾ ਗਿਆ ਹੈ। ਅਸੀਂ ਤਾਂ ਕੋਈ ਹੰਗਾਮਾ ਨਹੀਂ ਕੀਤਾ ਫਿਰ ਰੋਡਵੇਜ਼ ਵਾਲੇ ਹੀ ਕਿਉਂ ਤਰਲੋਮੱਛੀ ਹੋ ਰਹੇ ਹਨ।
ਇਸ ਮੌਕੇ ਪ੍ਰਧਾਨ ਬਲਦੇਵ ਸਿੰਘ ਬੱਬੂ, ਸਵਿੰਦਰ ਸਿੰਘ ਸੈਂਸਰਾ, ਅੰਮ੍ਰਿਤਸਰ ਗੁਰਦਾਸਪੁਰ ਬੱਸ ਯੂਨੀਅਨ ਦੇ ਪ੍ਰਧਾਨ ਚੌਧਰੀ ਅਸ਼ੋਕ ਕੁਮਾਰ ਮੰਨਣ, ਬਟਾਲਾ ਦੇ ਪ੍ਰਧਾਨ ਪ੍ਰਗਟ ਸਿੰਘ ਬਟਾਲਾ, ਮੱਖਣ ਸਿੰਘ ਸ਼ਕਰੀ, ਨੀਰਫ ਸ਼ਕਰੀ, ਵਰਿੰਦਰਪਾਲ ਸਿੰਘ ਮਾਦੋਕੇ, ਸੁਰਿੰਦਰ ਸਿੰਘ ਗੁਰਾਇਆ, ਹਰਮਿੰਦਰ ਸਿੰਘ, ਹੀਰਾ ਸਿੰਘ ਬੱਲ ਸਮੇਤ ਵੱਡੀ ਗਿਣਤੀ ’ਚ ਨਿੱਜੀ ਬੱਸ ਆਪ੍ਰੇਟਰਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਰੋਡਵੇਜ਼, ਪਨਬੱਸ ਤੇ ਪੀ. ਆਰ. ਟੀ. ਸੀ. ਦੇ ਮੁਲਾਜ਼ਮਾਂ ਨੇ ਜੇਕਰ ਮੁੜ ਬੱਸ ਸਟੈਂਡ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਸਿੱਟੇ ਗੰਭੀਰ ਨਿਕਲਣਗੇ।
Read More : ਕਿਸਾਨ ਆਗੂ ਰਾਜੇਵਾਲ ਦੇ ਘਰ ਪਹੁੰਚੇ ਸੁਖਬੀਰ ਬਾਦਲ