ਚੰਡੀਗੜ੍ਹ, 10 ਅਪ੍ਰੈਲ : ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਅੱਜ ਪੰਜਾਬ ਭਵਨ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਨਵੇਂ ਤਰੱਕੀ ਪ੍ਰਾਪਤ ਮਾਲ ਅਧਿਕਾਰੀਆਂ ਨੂੰ ਤਰੱਕੀ ਪੱਤਰ ਸੌਂਪੇ ਗਏ। ਇਸ ਦੌਰਾਨ ਸੀਨੀਆਰਤਾ ਦੇ ਆਧਾਰ ‘ਤੇ 14 ਤਹਿਸੀਲਦਾਰਾਂ ਅਤੇ 13 ਨਾਇਬ ਤਹਿਸੀਲਦਾਰਾਂ ਨੂੰ ਪਦਉੱਨਤ ਕੀਤਾ ਗਿਆ ਹੈ।
ਕੈਬਨਿਟ ਮੰਤਰੀ ਨੇ ਇੱਕ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਧਿਕਾਰੀਆਂ ਦੀ ਤਾਇਨਾਤੀ ਉਨ੍ਹਾਂ ਵੱਲੋਂ ਦਿੱਤੇ ਗਏ ਤਿੰਨ ਮਨਪਸੰਦ ਸਟੇਸ਼ਨਾਂ ਵਿੱਚੋਂ ਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਘਰ ਦੇ ਨੇੜੇ ਤਾਇਨਾਤੀ ਮਿਲਣ ਨਾਲ ਅਧਿਕਾਰੀ ਆਪਣੇ ਪਰਿਵਾਰਕ ਜੀਵਨ ਵਿੱਚ ਸੰਤੁਲਨ ਬਣਾ ਸਕਣਗੇ ਅਤੇ ਪੂਰੀ ਇਕਾਗਰਤਾ ਤੇ ਸਮਰਪਣ ਨਾਲ ਆਪਣੀ ਡਿਊਟੀ ਨਿਭਾਉਣਗੇ।
ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਰਮਚਾਰੀਆਂ ਨੂੰ ਉਨ੍ਹਾਂ ਦੇ ਹੱਕ ਸਮੇਂ ਸਿਰ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਾਰਦਰਸ਼ੀ ਤਰੀਕੇ ਨਾਲ ਕੀਤੀਆਂ ਗਈਆਂ ਤਰੱਕੀਆਂ ਨਾਲ ਸਟਾਫ਼ ਦਾ ਮਨੋਬਲ ਵਧਦਾ ਹੈ, ਜਿਸ ਦਾ ਸਿੱਧਾ ਲਾਭ ਆਮ ਜਨਤਾ ਨੂੰ ਸਰਕਾਰੀ ਸੇਵਾਵਾਂ ਦੇ ਰੂਪ ਵਿੱਚ ਮਿਲਦਾ ਹੈ।
ਮਾਲ ਮੰਤਰੀ ਨੇ ਵਿਭਾਗ ਦੇ ਕੰਮਕਾਜ ਨੂੰ ਹੋਰ ਬਿਹਤਰ ਬਣਾਉਣ ਲਈ ਅਧਿਕਾਰੀਆਂ ਤੋਂ ਸੁਝਾਅ ਵੀ ਮੰਗੇ। ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ ਦੀ ਫੀਡਬੈਕ ਨੀਤੀਆਂ ਵਿੱਚ ਸੁਧਾਰ ਕਰਨ ਲਈ ਬਹੁਤ ਜ਼ਰੂਰੀ ਹੈ। ਇਸ ਮੌਕੇ ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਮਾਲ ਅਨੁਰਾਗ ਵਰਮਾ ਨੇ ਵੀ ਨਵੇਂ ਅਧਿਕਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
Read More : ਮੁਅੱਤਲ DIG ਹਰਚਰਨ ਭੁੱਲਰ ਨੂੰ ਸੁਪਰੀਮ ਕੋਰਟ ਤੋਂ ਝਟਕਾ, ਜ਼ਮਾਨਤ ਪਟੀਸ਼ਨ ਰੱਦ
