martyrdom centenary

ਸ਼ਹੀਦੀ ਸ਼ਤਾਬਦੀ ਸਬੰਧੀ ਸੈਮੀਨਾਰ ਵਿਚ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਦਾ ਮਤਾ ਪਾਸ

ਐਡਵੋਕੇਟ ਧਾਮੀ, ਜਥੇਦਾਰ ਗੜਗੱਜ, ਸੁਖਬੀਰ ਬਾਦਲ ਅਤੇ ਸਰਨਾ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤੀ ਸ਼ਮੂਲੀਅਤ

ਦਿੱਲੀ, 18 ਅਕਤੂਬਰ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਵਿਖੇ ਕਰਵਾਏ ਗਏ ਵਿਸ਼ਾਲ ਸੈਮੀਨਾਰ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦੀ ਜ਼ੋਰਦਾਰ ਮੰਗ ਕਰਦਾ ਮਤਾ ਪਾਸ ਕੀਤਾ ਗਿਆ, ਜਿਸ ਨੂੰ ਹਾਜ਼ਰੀਨ ਨੇ ਹੱਥ ਖੜ੍ਹੇ ਕਰ ਕੇ ਤੇ ਜੈਕਾਰੇ ਲਾ ਕੇ ਸਮਰਥਨ ਦਿੱਤਾ।

ਇੰਡੀਆ ਹੈਬੀਟੇਟ ਸੈਂਟਰ ਦੇ ਸਟੇਨ ਆਡੀਟੋਰੀਅਮ ਵਿਖੇ ‘ਗੁਰੂ ਤੇਗ ਬਹਾਦਰ ਸਾਹਿਬ ਜੀ ਧਰਮ ਦੀ ਚਾਦਰ’ ਵਿਸ਼ੇ ’ਤੇ ਕਰਵਾਏ ਗਏ ਸੈਮੀਨਾਰ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਾਬਾ ਦਵਿੰਦਰ ਸਿੰਘ ਬੜੂ ਸਾਹਿਬ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸੰਬੋਧਨ ਕੀਤਾ।

ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦੂਜਿਆਂ ਦੇ ਧਰਮ ਦੀ ਰੱਖਿਆ ਲਈ ਸ਼ਹਾਦਤ ਦਿੱਤੀ, ਜੋ ਦੁਨੀਆ ਦੇ ਇਤਿਹਾਸ ਵਿਚ ਮਿਸਾਲੀ ਹੈ। ਗੁਰੂ ਸਾਹਿਬ ਦੀ ਇਸ ਕੁਰਬਾਨੀ ਸਦਕਾ ਹੀ ਭਾਰਤ ਦਾ ਸੱਭਿਆਚਾਰ ਜ਼ਿੰਦਾ ਹੈ। ਨੌਵੇਂ ਪਾਤਸ਼ਾਹ ਦੀ ਸ਼ਹਾਦਤ ਧਰਮਾਂ ਦੀ ਅਾਜ਼ਾਦੀ ਤੇ ਮਨੁੱਖੀ ਹੱਕਾਂ ਦੀ ਰੱਖਵਾਲੀ ਲਈ ਸੀ ਪਰ ਦੁਖਦ ਪਹਿਲੂ ਇਹ ਹੈ ਕਿ ਅੱਜ ਆਪਣੇ ਹੀ ਦੇਸ਼ ਅੰਦਰ ਸਿੱਖਾਂ ਨਾਲ ਅਨਿਆਂ ਕੀਤਾ ਜਾ ਰਿਹਾ ਹੈ।

ਸਿੱਖ ਬੰਦੀਆਂ ਨੂੰ ਤਿੰਨ-ਤਿੰਨ ਦਹਾਕੇ ਜੇਲਾਂ ਕੱਟਣ ਤੋਂ ਬਾਅਦ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ। ਐਡਵੋਕੇਟ ਧਾਮੀ ਨੇ ਕਿਹਾ ਕਿ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੋਈ ਭੀਖ ਨਹੀਂ ਹੈ, ਸਗੋਂ ਇਹ ਸੰਵਿਧਾਨ ਅਨੁਸਾਰ ਹੱਕੀ ਮੰਗ ਹੈ, ਇਸ ਲਈ ਸਰਕਾਰ ਰਿਹਾਈ ਦਾ ਤੁਰੰਤ ਐਲਾਨ ਕਰੇ।

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੰਦੀ ਸਿੰਘਾਂ ਨੂੰ ਰਿਹਾਅ ਕਰ ਕੇ ਗੁਰੂ ਸਾਹਿਬ ਨੂੰ ਸਤਿਕਾਰ ਦੇਵੇ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਰਕਾਰਾਂ ਵਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਤੇ ਸੰਸਥਾਵਾਂ ਵਿਚ ਕੀਤੀ ਜਾ ਰਹੀ ਦਖਲਅੰਦਾਜ਼ੀ ਦੀ ਵੀ ਅਲੋਚਨਾ ਕੀਤੀ।

Read More : ਪੋਟਾਸ਼ ਕਾਰਨ ਘਰ ਵਿਚ ਧਮਾਕਾ, ਛੱਤ ਉੱਡੀ

Leave a Reply

Your email address will not be published. Required fields are marked *